ਕੈਬਨਿਟ ਮੰਤਰੀ ਸੁੱਖ ਸਰਕਾਰੀਆ ਦੀ ਅਗਵਾਈ ’ਚ ਹੋਈ ਚੋਣ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ 2021-ਨਗਰ ਕੌਂਸਲ ਦੀ ਚੋਣ ਅੱਜ ਮੁਕੰਮਲ ਹੋ ਗਈ ਹੈ। ਕੌਂਸਲ ਦੇ 31 ਕੌਂਸਲਰਾਂ ’ਚੋਂ ਮੀਟਿੰਗ ’ਚ 17 ਕਾਂਗਰਸੀ ਕੌਂਸਲਰ ਹਾਜ਼ਰ ਹੋਏ,ਜਦੋਂਕਿ ਸ਼ੋ੍ਰਮਣੀ ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ 2, ਭਾਜਪਾ ਦਾ 1 ਅਤੇ ਅਜ਼ਾਦ 1 ਕੌਂਸਲਰ ਗੈਰ ਹਾਜ਼ਰ ਰਹੇ। ਮੀਟਿੰਗ ਦੌਰਾਨ ਵਾਰਡ ਨੰਬਰ 24 ਤੋਂ ਕੌਂਸਲਰ ਕਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੂੰ ਪ੍ਰਧਾਨ, ਜਦੋਂਕਿ ਵਾਰਡ ਨੰਬਰ 12 ਤੋਂ ਕੌਂਸਲਰ ਜਸਵਿੰਦਰ ਸਿੰਘ ਮਿੱਟੂ ਕੰਗ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਗੁਰਬਿੰਦਰ ਕੌਰ ਪਤੰਗਾ ਨੇ ਜੂਨੀਅਰ ਮੀਤ ਪ੍ਰਧਾਨ ਦਾ ਅਹੁਦਾ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਅਹੁਦਾ ਕਿਸੇ ਹੋਰ ਔਰਤ ਨੂੰ ਦਿੱਤਾ ਜਾਵੇ।
ਵਰਣਨਯੋਗ ਹੈ ਕਿ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਪਹਿਲਾਂ ਕੈਨਾਲ ਰੈਸਟ ਹਾਊਸ ’ਚ ਮੀਟਿੰਗ ਹੋਈ ਤੇ ਫ਼ਿਰ ਇੱਕ ਹੀ ਬੱਸ ’ਤੇ ਸਮੂਹ ਕਾਂਗਰਸੀ ਕੌਂਸਲਰਾਂ ਨੂੰ ਨਗਰ ਕੌਂਸਲ ਵਿਖੇ ਲਿਆਂਦਾ ਗਿਆ। ਇਸ ਮੌਕੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਹਲਕਾ ਇੰਚਾਰਜ ਕਰਨ ਕੌਰ ਬਰਾੜ ਵੀ ਹਾਜ਼ਰ ਸਨ।
ਆਪਣੀ ਨਿਯੁਕਤੀ ਤੋਂ ਬਾਅਦ ਨਵ ਨਿਯੁਕਤ ਪ੍ਰਧਾਨ ਕਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਤਤਪਰ ਰਹਿਣਗੇ।