ਹਰਜਿੰਦਰ ਸਿੰਘ ਭੱਟੀ
- ਸੁਰਿੰਦਰ ਕੌਰ ਸਰਪੰਚ ਵੱਲੋਂ ਕੀਤੀ ਸ਼ਿਕਾਇਤ ਦੀ ਕੀਤੀ ਪੜਤਾਲ
- ਪਿੰਡ ਦੀਆਂ ਗਲੀਆਂ ਵਿੱਚ ਖੜ੍ਹੇ ਪਾਣੀ ਦੇ ਨਿਕਾਸ ਲਈ ਪੱਕਾ ਪ੍ਰਬੰਧ ਹੋਣ ਤੱਕ ਆਰਜ਼ੀ ਪ੍ਰਬੰਧ ਕਰਨ ਦੇ ਦਿੱਤੇ ਆਦੇਸ਼
ਕੁਰਾਲੀ / ਐਸ.ਏ.ਐਸ ਨਗਰ, 20 ਅਪ੍ਰੈਲ 2021 - ਬਲਾਕ ਮਾਜਰੀ ਦੇ ਪਿੰਡ ਝਿੰਗੜਾਂ ਕਲਾਂ ਦੀ ਸਰਪੰਚ ਸੁਰਿੰਦਰ ਕੌਰ ਵੱਲੋਂ ਪਿੰਡ ਦੇ ਪਾਣੀ ਦੇ ਨਿਕਾਸ ਅਤੇ ਸਾਂਝੇ ਕੰਮਾਂ ਵਿੱਚ ਅੜਿੱਕਾ ਪਾਉਣ ਅਤੇ ਇਕ ਵਰਗ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ਾਂ ਸਬੰਧੀ ਕੀਤੀ ਹੋਈ ਸ਼ਿਕਾਇਤ ਦੀ ਪੜਤਾਲ ਕਰਨ ਲਈ ਪੰਜਾਬ ਰਾਜ ਅਨੂਸਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਪਰਮਜੀਤ ਕੌਰ, ਸ੍ਰੀ ਗਿਆਨ ਚੰਦ ਅਤੇ ਸ੍ਰੀ ਨਵਪ੍ਰੀਤ ਵੱਲੋਂ ਪਿੰਡ ਝਿੰਗੜਾਂ ਕਲਾਂ ਦਾ ਦੌਰਾ ਕੀਤਾ ਅਤੇ ਪਿੰਡ ਦੀਆਂ ਗਲੀਆਂ ਵਿੱਚ ਰੁਕੇ ਹੋਏ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਰਨਾ ਦਾ ਜਾਇਜ਼ਾ ਲਿਆ ਅਤੇ ਪਿੰਡ ਦੇ ਲੋਕਾਂ ਦਾ ਪੱਖ ਜਾਣਿਆ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਡੀ.ਕੇ ਸਾਲਦੀ, ਜ਼ਿਲ੍ਹਾ ਭਲਾਈ ਅਫਸਰ ਹਰਵਿੰਦਰ ਪਾਲ ਸਿੰਘ ਸੰਧੂ, ਐਸ.ਐਚ.ਓ ਕੁਰਾਲੀ ਉਨ੍ਹਾਂ ਨਾਲ ਮੌਜੂਦ ਸਨ।
ਪੰਜਾਬ ਰਾਜ ਅਨੂਸਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਨੇ ਪੜਤਾਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ 'ਚੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿਥੇ ਲੋਕਾਂ ਦੇ ਘਰਾਂ ਤੱਕ ਆਉਣਾ ਜਾਣਾਂ ਮੁਸ਼ਕਲ ਹੋ ਗਿਆ ਹੈ, ਉੱਥੇ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੀ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਮੱਦੇਨਜ਼ਰ ਪਾਣੀ ਦੀ ਨਿਕਾਸੀ ਲਈ ਪੱਕੇ ਪ੍ਰਬੰਧ ਹੋਣ ਤੱਕ ਤੁਰੰਤ ਆਰਜ਼ੀ ਪ੍ਰਬੰਧ ਕਰਨ ਦੀਆਂ ਹਦਾਇਤਾਂ ਸਬੰਧਿਤ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ ਅਤੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਜੇਕਰ ਕੋਈ ਵੀ ਵਿਆਕਤੀ ਪਾਣੀ ਦੇ ਨਿਕਾਸੀ ਦੇ ਪ੍ਰਬੰਧਾਂ ਵਿੱਚ ਅੜਚਣ ਪਾਉਂਦਾ ਹੈ ਤਾਂ ਉਸ ਦੇ ਖਿਲ਼ਾਫ ਪਰਚਾ ਦਰਜ ਕਰਵਾਇਆ ਜਾਵੇਗਾ ।
ਪਿੰਡ ਦੇ ਛੱਪੜਾਂ ਦੀ ਸਫਾਈ ਸਬੰਧੀ ਵੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਕਿਹਾ ਗਿਆ ਹੈ। ਇਸ ਮੌਕੇ ਪਿੰਡ ਦੀ ਸਰਪੰਚ ਸੁਰਿੰਦਰ ਕੌਰ, ਪੰਚਾਇਤ ਮੈਂਬਰ ਅਤੇ ਪਿੰਡ ਦੇ ਆਮ ਲੋਕ ਵੀ ਮੌਜ਼ੂਦ ਸਨ ।