ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 22 ਅਪ੍ਰੈਲ 2021 - ਅਮਰੀਕਾ ਦੇ ਬ੍ਰੋਂਕਸ ਦੇ ਇੱਕ ਆਦਮੀ ਨੂੰ ਲੱਗਭਗ ਇੱਕ ਦਹਾਕੇ ਪਹਿਲਾਂ ਉਸ ਦੇ ਚਚੇਰੇ ਭਰਾ ਨੂੰ ਜਾਨਲੇਵਾ ਗੋਲੀ ਅਤੇ ਚਾਕੂ ਮਾਰਨ ਲਈ ਸਲਾਖਾਂ ਪਿੱਛੇ 18 ਸਾਲ ਬਿਤਾਉਣੇ ਪੈਣਗੇ। ਇਸ ਮਾਮਲੇ ਦੇ ਦੋਸ਼ੀ 40 ਸਾਲਾਂ ਅਲੈਗਜ਼ੈਂਡਰ ਅਰੀਓਲਾ ਨੇ 3 ਜੁਲਾਈ, 2011 ਨੂੰ ਬੈਡਰੂਮ ਵਿੱਚ ਆਪਣੇ ਚਚੇਰੇ ਬ੍ਰਾਇਨ ਅਰੀਓਲਾ ਦਾ ਕਤਲ ਕਰ ਦਿੱਤਾ ਸੀ। ਇਸ ਕਾਤਲ ਵਿਅਕਤੀ ਨੇ ਉਸ ਦੇ 31 ਸਾਲਾ ਚਚੇਰੇ ਭਰਾ ਨੂੰ 10 ਵਾਰ ਗਰਦਨ ਵਿੱਚ ਚਾਕੂ ਮਾਰ ਕੇ ਉਸਦੀ ਛਾਤੀ ਅਤੇ ਬਾਂਹ ਵਿਚ ਗੋਲੀ ਮਾਰ ਦਿੱਤੀ ਸੀ। ਇਸ ਕਤਲ ਨੂੰ ਅੰਜਾਮ ਦੇ ਕੇ ਉਹ ਘਰੋਂ ਭੱਜ ਗਿਆ ਸੀ।
ਪੀੜਤ ਬ੍ਰਾਇਨ ਅਰੀਓਲਾ ਦੀ ਮਾਂ ਨੇ ਉਸਨੂੰ ਥੋੜ੍ਹੀ ਦੇਰ ਬਾਅਦ ਫਰਸ਼ ਤੇ ਮ੍ਰਿਤਕ ਪਾਇਆ ਸੀ। ਮ੍ਰਿਤਕ ਲੜਕਾ ਜੌਨ ਜੇ ਕਾਲਜ ਆਫ ਕ੍ਰਿਮੀਨਲ ਜਸਟਿਸ ਵਿੱਚ ਪੜ੍ਹ ਰਿਹਾ ਸੀ ਅਤੇ ਵਕੀਲ ਬਣਨ ਦਾ ਸੁਪਨਾ ਵੇਖਦਾ ਸੀ। ਇਸਦੇ ਇਲਾਵਾ ਉਹ ਸਕੂਲ ਬੱਸ ਡਰਾਈਵਰ ਵਜੋਂ ਵੀ ਕੰਮ ਕਰਦਾ ਸੀ। ਦੋਸ਼ੀ ਅਲੈਗਜ਼ੈਂਡਰ ਅਰੀਓਲਾ ਪਿਛਲੇ ਇੱਕ ਦਹਾਕੇ ਦੌਰਾਨ ਕਈ ਵਾਰ ਮੁਕੱਦਮੇ ਲਈ ਮਾਨਸਿਕ ਤੌਰ ਤੇ ਅਯੋਗ ਪਾਇਆ ਗਿਆ ਸੀ, ਪਰ ਆਖਰਕਾਰ ਉਸਨੂੰ ਅਪ੍ਰੈਲ ਵਿੱਚ ਸਿਹਤਮੰਦ ਘੋਸ਼ਿਤ ਕੀਤਾ ਗਿਆ ਸੀ।
ਉਸਨੂੰ ਪਿਛਲੇ ਮਹੀਨੇ ਪਹਿਲੇ ਦਰਜੇ ਦੇ ਕਤਲੇਆਮ ਲਈ ਦੋਸ਼ੀ ਮੰਨਿਆ ਗਿਆ ਸੀ ਅਤੇ ਮੰਗਲਵਾਰ ਨੂੰ ਬ੍ਰੋਂਕਸ ਸੁਪਰੀਮ ਕੋਰਟ ਵਿੱਚ 18 ਸਾਲਾਂ ਦੀ ਸਜਾ ਸੁਣਾਈ ਗਈ ਹੈ। ਬ੍ਰੋਂਕਸ ਦੇ ਜ਼ਿਲ੍ਹਾ ਅਟਾਰਨੀ ਡਾਰਸਲ ਕਲਾਰਕ ਨੇ ਕਿਹਾ ਕਿ ਇਸ ਘਟਨਾ ਨੂੰ ਤਕਰੀਬਨ ਇੱਕ ਦਹਾਕਾ ਬੀਤ ਚੁੱਕਾ ਹੈ ਜਦੋਂ ਉਸ ਨੇ ਆਪਣੇ ਚਚੇਰੇ ਭਰਾ ਦੀ ਜ਼ਿੰਦਗੀ ਨੂੰ ਭਿਆਨਕ ਢੰਗ ਨਾਲ ਖਤਮ ਕਰ ਦਿੱਤਾ, ਪਰ ਕਾਨੂੰਨ ਨੇ ਪੀੜਤ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਦੇ ਹਾਰ ਨਹੀਂ ਮੰਨੀ।