ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 22 ਅਪ੍ਰੈਲ 2021 - ਓਲਿਓ ਦੇ ਕੋਲੰਬਸ ਵਿੱਚ ਮੰਗਲਵਾਰ ਦੁਪਹਿਰ ਨੂੰ ਪੁਲਿਸ ਅਧਿਕਾਰੀਆਂ ਦੁਆਰਾ ਇੱਕ 16 ਸਾਲਾ ਲੜਕੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਬਾਰੇ ਪੁਲਿਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਕਰੀਬ ਸਾਢੇ ਚਾਰ ਵਜੇ ਛੁਰਾਮਾਰੀ ਦੀ ਕੋਸ਼ਿਸ਼ ਦੀ ਰਿਪੋਰਟ ਲਈ ਕਾਰਵਾਈ ਕਰ ਰਹੇ ਸਨ ਅਤੇ ਉਸੇ ਦੌਰਾਨ ਇਹ ਜਾਨਲੇਵਾ ਗੋਲੀਬਾਰੀ ਉਸਦੇ ਥੋੜੇ ਸਮੇਂ ਬਾਅਦ ਹੋਈ।
ਇਸ ਗੋਲੀਬਾਰੀ ਵਿੱਚ ਮਰਨ ਵਾਲੀ ਲੜਕੀ ਦੀ ਪਛਾਣ ਫ੍ਰੈਂਕਲਿਨ ਕਾਉਂਟੀ ਚਿਲਡਰਨ ਸਰਵਿਸਿਜ਼ ਦੀ ਮੈਕਿਯਾ ਬ੍ਰਾਇਅੰਟ ਵਜੋਂ ਹੋਈ ਹੈ। ਗੋਲੀ ਲੱਗਣ ਉਪਰੰਤ ਪੀੜਤ ਲੜਕੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ,ਜਿੱਥੇ 5:30 ਵਜੇ ਤੋਂ ਪਹਿਲਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੋਲੰਬਸ ਦੇ ਪਬਲਿਕ ਸੇਫਟੀ ਵਿਭਾਗ ਦੇ ਡਾਇਰੈਕਟਰ, ਨੇਡ ਪੇੱਟਸ ਨੇ ਬੱਚੀ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ ਅਤੇ ਕਸੂਰ ਹੋਣ ਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦਾ ਵੀ ਭਰੋਸਾ ਦਿੱਤਾ ਹੈ। ਪੈੱਟਸ ਨੇ ਕਿਹਾ ਕਿ ਜੇ ਕਾਨੂੰਨ ਤੋੜਿਆ ਗਿਆ ਹੈ ਤਾਂ ਪੁਲਿਸ ਅਧਿਕਾਰੀ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
ਪੁਲਿਸ ਨੇ ਮੰਗਲਵਾਰ ਦੇਰ ਰਾਤ ਨੂੰ ਇਸ ਘਟਨਾ ਦੇ ਬਾਡੀ ਕੈਮਰਾ ਫੁਟੇਜ ਦਿਖਾਏ। ਵੀਡੀਓ ਵਿੱਚ, ਪੁਲਿਸ ਅਧਿਕਾਰੀ ਕਈ ਲੜਕੀਆਂ ਵਿਚਕਾਰ ਹੋ ਰਹੀ ਲੜਾਈ ਵੱਲ ਆਉਂਦੇ ਦਿਖਾਈ ਦੇ ਰਹੇ ਹਨ ਅਤੇ ਇਸ ਲੜਕੀ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਜਾਂਦੀ ਹੈ ਜਦੋਂ ਉਹ ਇੱਕ ਜ਼ਮੀਨ 'ਤੇ ਡਿੱਗੀ ਲੜਕੀ ਨੂੰ ਚਾਕੂ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਇੱਕ ਹੋਰ ਨੂੰ ਧੱਕਾ ਮਾਰਦੀ ਹੈ। ਗੋਲੀਬਾਰੀ ਦੀ ਜਾਂਚ ਓਹੀਓ ਬਿਊਰੋ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਦੁਆਰਾ ਕੀਤੀ ਜਾਵੇਗੀ। ਇਸਦੇ ਇਲਾਵਾ ਰਾਤ ਪੈਣ 'ਤੇ ਲੋਕ ਗੋਲੀਬਾਰੀ ਵਾਲੀ ਜਗ੍ਹਾ ਦੇ ਨੇੜੇ ਇਕੱਠੇ ਹੋ ਗਏ ਅਤੇ ਬਾਅਦ ਵਿੱਚ ਕੋਲੰਬਸ ਪੁਲਿਸ ਵਿਭਾਗ ਦੇ ਬਾਹਰ ਮਾਰਚ ਕੀਤਾ।