ਵਿਧਾਇਕ ਬਰਕੰਦੀ ਨੇ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ 2021-ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਅੱਜ ਸਥਾਨਕ ਦਾਣਾ ਮੰਡੀ ਦਾ ਦੌਰਾ ਕੀਤਾ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨਾਂ ਕਿਹਾ ਕਿ ਮੰਡੀਆਂ ’ਚ ਬਾਰਦਾਨੇ ਅਤੇ ਲਿਫਟਿੰਗ ਦਾ ਬਹੁਤ ਬੁਰਾ ਹਾਲ ਹੈ। ਰੋਜ਼ੀ ਬਰਕੰਦੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਅਨਾਜ ਮੰਡੀ ਵਿਚ ਜਿੱਥੇ ਬਾਰਦਾਨੇ ਦੀ ਵੱਡੀ ਘਾਟ ਹੈ, ਉਥੇ ਹੀ ਲਿਫਟਿੰਗ ਦਾ ਪ੍ਰਬੰਧ ਵੀ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਮੰਡੀਆਂ ’ਚ ਕਿਸਾਨ ਰੁਲ ਰਿਹਾ ਹੈ।
ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੁਣ ਹੈਲੀਕਾਪਟਰ ’ਤੇ ਹੀ ਹਵਾਈ ਚੱਕਰ ਲਗਾ ਕੇ ਮੰਡੀਆਂ ਦਾ ਹਾਲ ਦੇਖ ਲੈਣ, ਕਿਉਂਕਿ ਮੰਡੀਆਂ ’ਚ ਬਾਰਦਾਨੇ ਦੀ ਵੱਡੀ ਕਮੀ ਹੈ। ਉਨਾਂ ਕਿਹਾ ਕਿ ਜੇਕਰ ਕਣਕ ਤੁਲ ਗਈ ਤਾਂ ਲਿਫਟਿੰਗ ਨਾ ਹੋਣ ਕਾਰਨ ਵੱਡੀਆਂ ਢਾਂਗਾਂ ਲੱਗੀਆਂ ਹੋਈਆਂ ਹਨ। ਉਨਾਂ ਦੋਸ਼ ਲਗਾਇਆ ਕਿ ਲਿਫਟਿੰਗ ਦਾ ਠੇਕਾ ਕਾਂਗਰਸੀ ਵਿਧਾਇਕਾ ਕੋਲ ਹੈ ਤੇ ਪ੍ਰਸਾਸ਼ਨ ਉਨਾਂ ਨੂੰ ਬਲੈਕ ਲਿਸਟ ਨਹੀਂ ਕਰ ਰਿਹਾ, ਜਦਕਿ ਮੰਡੀਆਂ ’ਚ ਲਿਫਟਿੰਗ ਨਾ ਦੇ ਬਰਾਬਰ ਹੈ। ਉਨਾਂ ਮੌਕੇ ’ਤੇ ਐਸਡੀਐਮ ਨਾਲ ਮੋਬਾਈਲ ਰਾਹੀ ਗੱਲਬਾਤ ਕੀਤੀ ਤੇ ਪ੍ਰਬੰਧ ਸਹੀ ਕਰਵਾਉਣ ਲਈ ਵੀ ਕਿਹਾ। ਇਸ ਮੌਕੇ ਰੋਜ਼ੀ ਬਰਕੰਦੀ ਨੇ ਕਿਹਾ ਕਿ ਜੇਕਰ ਕੱਲ੍ਹ ਤੱਕ ਮੰਡੀ ’ਚ ਲਿਫਟਿੰਗ ਸਹੀਂ ਨਾ ਚੱਲੀ ਅਤੇ ਬਾਰਦਾਨਾ ਨਾ ਪਹੁੰਚਿਆ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਇਸ ਦੌਰਾਨ ਮਜ਼ਦੂਰਾਂ ਅਤੇ ਕਿਸਾਨਾਂ ਨੇ ਵੀ ਵਿਧਾਇਕ ਨੂੰ ਮੰਡੀ ’ਚ ਆ ਰਹੀ ਸਮੱਸਿਆ ਤੋਂ ਜਾਣੂੰ ਕਰਵਾਇਆ।