ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ 2021-ਸਥਾਨਕ ਅਨਾਜ ਮੰਡੀ ’ਚ ਕਣਕ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜੋ ਮਾਰਕਿਟ ਕਮੇਟੀ ਤੇ ਪ੍ਰਸ਼ਾਸ਼ਨ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਅੱਜ ਸਵੇਰ ਵੇਲੇ ਦੇ ਕਰੀਬ 3 ਤੋਂ 4 ਵਜੇ ਦੇ ਦਰਮਿਆਨ ਇਕ ਵਿਅਕਤੀ ਬਿਨਾਂ ਡਰੇ ਰੇਹੜੀ ’ਤੇ ਏਵੀ ਬ੍ਰਦਰਜ਼ ਫਰਮ ਦੇ ਚਾਰ ਗੱਟੇ ਚੋਰੀ ਕਰਕੇ ਲੱਦਦਾ ਹੋਇਆ ਨਿਕਲ ਗਿਆ, ਜਦੋਂਕਿ ਇਹ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸੇ ਫ਼ਰਮ ਤੋਂ ਪਿਛਲੇ ਸ਼ਨੀਵਾਰ ਵੀ ਚਾਰ ਗੱਟੇ ਚੋਰੀ ਹੋਏ ਸਨ। ਚੋਰੀ ਦੀ ਘਟਨਾ ਸਮੇਂ ਫਰਮ ਦਾ ਚੌਂਕੀਦਾਰ ਦੇ ਤੌਰ ’ਤੇ ਤੈਨਾਤ ਨੰਬਰਦਾਰ ਤੇ ਨਾਲ ਹੀ ਕੁੱਝ ਹੋਰ ਕਿਸਾਨ ਸੌਂਦੇ ਨਜ਼ਰ ਆਏ, ਪਰ ਸੀਸੀਟੀਵੀ ਕੈਮਰੇ ਦੀ ਫੁਟੇਜ਼ ’ਚ ਵਿਅਕਤੀ ਅਰਾਮ ਨਾਲ ਗੱਟੇ ਚੋਰੀ ਕਰ ਰਿਹਾ ਹੈ। ਨੰਬਰਦਾਰ ਰਾਜੂ ਨੇ ਇਸ ਸਬੰਧ ’ਚ ਕਿਹਾ ਕਿ ਉਹ ਸਵੇਰੇ 3 ਤੋਂ 5 ਵਿਚਕਾਰ ਆਰਾਮ ਕਰਨ ਲਈ ਸੌਂ ਗਿਆ ਸੀ। ਇਸੇ ਵਿਚਕਾਰ ਇਹ ਚੋਰੀ ਹੋਈ ਹੈ। ਇਸ ਤੋਂ ਪਹਿਲਾਂ ਵੀ ਸ਼ਨੀਵਾਰ ਚਾਰ ਗੱਟੇ ਚੋਰੀ ਹੋਏ ਸਨ। ਹਾਲਾਂਕਿ ਫਸਲ ਵਿਕ ਚੁੱਕੀ ਸੀ ਤੇ ਲਿਫਟਿੰਗ ਕਰਕੇ ਪਈ ਸੀ, ਜਿਸ ਕਰਕੇ ਕਿਸਾਨ ਦਾ ਨੁਕਸਾਨ ਨਹੀਂ ਹੋਇਆ ਹੈ।