ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਾਦਲ-ਬਠਿੰਡਾ ਰੋਡ ਕੀਤਾ ਜਾਮ
ਰਾਜਵੰਤ ਸਿੰਘ
ਬਾਦਲ, 22 ਅਪ੍ਰੈਲ 2021-ਪਿੰਡ ਬਾਦਲ ਦੀ ਅਨਾਜ ਮੰਡੀ ਵਿਚ ਬਾਰਦਾਨਾ ਨਾ ਹੋਣ ਕਰਕੇ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੋਸ ਧਰਨਾ ਮਾਰਿਆ ਗਿਾ ਅਤੇ ਸੜਕ ’ਤੇ ਜਾਮ ਵੀ ਲਗਾਇਆ ਗਿਆ। ਇਸ ਧਰਨੇ ਵਿਚ ਔਰਤਾਂ ਨੇ ਵੀ ਸ਼ਿਰਕਤ ਕੀਤੀ ਅਤੇ ਦੇਰ ਸ਼ਾਮ ਯੂਨੀਅਨ ਵੱਲੋਂ ਸਟੇਟ ਵੇਅਰ ਹਾਊਸ ਦੀ ਅਧਿਕਾਰੀ ਦਾ ਵੀ ਘਿਰਾਓ ਕੀਤਾ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦੀ ਅਨਾਜ ਮੰਡੀ ਵਿੱਚ ਬਾਰਦਾਨਾ ਨਾ ਹੋਣ ਕਰਕੇ ਕਿਸਾਨਾਂ ਵਿਚ ਭਾਰੀ ਰੋਸ ਹੈ। ਇਸ ਮਾਮਲੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਜਿੰਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸਨ, ਵੱਲੋਂ ਰੋਸ ਪ੍ਰਦਰਸ਼ਨ ਕੀਤਾ ਅਤੇ ਬਾਦਲ-ਬਠਿੰਡਾ ਸੜਕ ’ਤੇ ਜਾਮ ਲਾ ਦਿੱਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 48 ਘੰਟਿਆਂ ਵਿੱਚ ਕਿਸਾਨਾਂ ਨੂੰ ਮੰਡੀ ਵਿੱਚੋਂ ਵਿਹਲੇ ਕਰਕੇ ਘਰ ਤੋਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬਾਦਲ ਦੀ ਅਨਾਜ ਮੰਡੀ ਵਿਚ ਪਿਛਲੇ 10-11 ਦਿਨਾਂ ਤੋਂ ਕਈ ਕਿਸਾਨ ਬੈਠੇ ਖੱਜਲ ਹੋ ਰਹੇ ਹਨ। ਬਾਅਦ ਵਿੱਚ ਮੰਡੀ ’ਚ ਪੁੱਜੀ ਪੰਜਾਬ ਵੇਅਰ ਹਾਊਸ ਦੀ ਅਧਿਕਾਰੀ ਗੁਰਸ਼ਰਨ ਕੌਰ ਦਾ ਵੀ ਘਿਰਾਓ ਕੀਤਾ ਗਿਆ ਅਤੇ ਕਿਸਾਨ ਔਰਤਾਂ ਉਸਨੂੰ ਦੋ ਘੰਟੇ ਰੋਕ ਕਿ ਰੱਖਿਆ, ਜਿਸ ਤੋਂ ਬਾਅਦ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਕੱਲ੍ਹ ਤੱਕ ਡੇਢ ਲੱਖ ਗੱਟਾ ਬਰਦਾਨੇ ਦਾ ਮੰਡੀ ਵਿਚ ਆ ਜਾਵੇਗਾ, ਜਿਸ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਇਸ ਮੌਕੇ ਦਵਿੰਦਰ ਸਿੰਘ, ਜਗਸੀਰ ਸਿੰਘ ਗੱਗੜ ਸਮੇਤ ਵੱਡੀ ਗਿਣਤੀ ਵਿੱਚ ਆਸ ਪਾਸ ਦੇ ਕਿਸਾਨ ਹਾਜ਼ਰ ਸਨ।