ਪ੍ਰਾਈਵੇਟ ਹਸਪਤਾਲ ਨੇ ਗਰਗ ਪਰਿਵਾਰ ਦੇ ਹਵਾਲੇ ਕੀਤੀ ਕਿਸੇ ਹੋਰ ਦੀ ਲਾਸ਼ , ਸਸਕਾਰ ਹੋਣ ਤੋਂ ਲੱਗਾ ਪਤਾ , ਜਾਂਚ ਦੇ ਆਦੇਸ਼
ਹਸਪਤਾਲ ਨੇ ਮੰਨੀ ਗਲਤੀ
ਗਰਗ ਪਰਿਵਾਰ ਦੇ ਰਿਸ਼ਤੇਦਾਰ ਦੀ ਕੋਵਿਡ 19 ਕਾਰਣ ਸ਼ੈਲਬੀ ਹੋਈ ਸੀ ਮੌਤ*
ਮੋਹਾਲੀ , 22 ਅਪ੍ਰੈਲ, 2021 : ਸਥਾਨਕ ਸ਼ੈਲਬੀ ਹਸਪਤਾਲ ਨੇ ਸਿਰੇ ਦੀ ਗਲਤੀ ਕਰਦੇ ਹੋਏ ਕੋਵਿਡ ਨਾਲ ਹੋਈ ਮੌਤ ਤੋਂ ਬਾਅਦ ਇਕ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਦੀ ਥਾਂ ਕਿਸੇ ਹੋਰ ਮਿਰਤਕ ਦੀ ਲਾਸ਼ ਇਕ ਪਰਿਵਾਰ ਨੂੰ ਸੌਂਪ ਦਿੱਤੀ। ਮਿਰਤਕ ਦੇ ਅੰਤਮ ਸਸਕਾਰ ਤੋਂ ਬਾਅਦ ਇਹ ਤੱਥ ਸਾਹਮਣੇ ਆਇਆ ਜਿਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ। ਸਰਕਾਰੀ ਸੂਚਨਾ ਅਨੁਸਾਰ ਰਾਜੇਸ਼ ਗਰਗ ਦੇ ਰਿਸ਼ਤੇਦਾਰ ਦੀ ਕੋਵਿਡ 19 ਕਾਰਣ ਹੋਈ ਮੌਤ ਉਪਰੰਤ ਉਨ੍ਹਾਂ ਦੇ ਪਰਿਵਾਰ ਨੂੰ ਹਸਪਤਾਲ ਵੱਲੋਂ ਕਿਸੇ ਹੋਰ ਮ੍ਰਿਤਕ ਵਿਆਕਤੀ ਦੀ ਦੇਹ ਦੇਣ ਦੇ ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ।
ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਮਰੀਜ਼ਾਂ ਦੀ ਬਹੁਤਾਤ ਹੋਣ ਕਾਰਣ ਹਸਪਤਾਲ ਪ੍ਰਸ਼ਾਸਨ ਵੱਲੋਂ ਗਲਤੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਗਰਗ ਪਰਿਵਾਰ ਨੂੰ ਦੂਜੇ ਮ੍ਰਿਤਕ ਵਿਆਕਤੀ ਦੀ ਦੇਹ ਸੌਂਪ ਦਿੱਤੀ ਗਈ । ਸ਼ੈਲਬੀ ਹਸਪਤਾਲ ਦੇ ਪ੍ਰਸ਼ਾਸਨ ਨੂੰ ਇਸ ਹੋਈ ਗਲਤੀ ਦਾ ਪਤਾ ਲੱਗਣ ਤੇ ਹਸਪਤਾਲ ਪ੍ਰਸ਼ਾਸਨ ਨੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਗਰਗ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਜਾ ਚੁੱਕਾ ਹੈ।
ਜ਼ਿਲ੍ਹੇ ਦੇ ਨਿੱਜੀ ਹਸਪਤਾਲ ਕੋਵਿਡ ਮਹਾਂਮਾਰੀ ਦੀ ਔਖੀ ਘੜੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਿਹਤ ਸੇਵਾਵਾਂ ਪ੍ਰਧਾਨ ਕਰਨ ਚ ਮੋਢੇ ਨਾਲ ਮੋਢਾ ਮਿਲਾਕੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜੋ ਕਿ ਸ਼ਲਾਘਾ ਯੋਗ ਹੈ। ਸਥਾਨਿਕ ਨਿੱਜੀ ਹਸਪਤਾਲਾਂ ਵੱਲੋਂ ਨਾ ਕੇਵਲ ਜ਼ਿਲ੍ਹਾ ਐਸ.ਏ.ਐਸ ਨਗਰ ਸਗੋਂ ਮੁਕਮੰਲ ਟ੍ਰਾਈ ਸਿਟੀ ਅਤੇ ਨੇੜਲੇ ਸੂਬਿਆਂ ਦੇ ਮਰੀਜ਼ਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ। ਕੋਵਿਡ ਦੇ ਤੇਜ਼ ਗਤੀ ਨਾਲ ਹੋ ਰਹੇ ਪਸਾਰ ਕਾਰਨ ਸਿਹਤ ਸੰਸਥਾਵਾਂ ਤੇ ਕਾਫੀ ਦਬਾਅ ਹੈ । ਪਰ ਫਿਰ ਵੀ ਹਸਪਤਾਲਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਅਜਿਹੀਆਂ ਗਲਤੀਆਂ ਨਾ ਹੋਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ।