ਜੈਤੇਗ ਸਿੰਘ ਅਨੰਤ ਵੱਲੋਂ ਸੰਪਾਦਿਤ ਸੁਚਿੱਤਰ ਕੌਫੀ ਟੇਬਲ ਪੁਸਤਕ “ਰਾਮਗੜ੍ਹੀਆ ਵਿਰਾਸਤ” ਰਿਲੀਜ਼
ਹਰਦਮ ਮਾਨ
ਸਰੀ, 23 ਅਪ੍ਰੈਲ 2021-ਸਰੀ (ਕੈਨੇਡਾ) ਦੇ ਵਸਨੀਕ ਅਤੇ ਅੰਤਰਰਾਸ਼ਟਰੀ ਸਿੱਖ ਸਫ਼ਾਂ ਦੇ ਨਾਮਵਰ ਵਿਦਵਾਨ , ਦਾਨਿਸ਼ਵਰ ਤੇ ਸੂਝਵਾਨ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਵੱਲੋਂ ਸੰਪਾਦਿਤ ਸੁਚਿੱਤਰ, ਬਹੁਰੰਗੀ ਪਹਿਲੀ ਕੌਫੀ ਟੇਬਲ ਪੁਸਤਕ “ਰਾਮਗੜ੍ਹੀਆ ਵਿਰਾਸਤ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਵਿਸੇਸ਼ ਸਮਾਰੋਹ ਵਿਚ ਰਿਲੀਜ਼ ਕੀਤੀ ਗਈ। ਇਹ ਪੁਸਤਕ ਪੰਜਾਬੀ ਸਾਹਿਤ ਦੇ ਆਲਮੀ ਜਗਤ ਵਿਚਲੀਆਂ ਕੌਫੀ ਟੇਬਲ ਪੁਸਤਕਾਂ ਦੀ ਸ਼ੁਮਾਰ ਵਿਚ ਵੱਡੀ ਪਹਿਲਕਦਮੀ ਹੈ। ਗਿਆਨ ਅਤੇ ਕਲਾ ਦੇ ਪਾਰਖੂ ਸ. ਅਨੰਤ ਜੀ ਦੀ ਅਣਥੱਕ ਘਾਲਣਾ ਇਸ ਪੁਸਤਕ ਵਿੱਚੋਂ ਡੁੱਲ੍ਹ – ਡੁੱਲ੍ਹ ਪੈਂਦੀ ਹੈ । ਇਸ ਵਿਚ ਰਾਮਗਡ਼੍ਹੀਆ ਕੌਮ ਦੇ ਧਾਰਮਿਕ, ਰਾਜਨੀਤਕ, ਵਿੱਦਿਅਕ ਪਸਾਰ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਕਾਮਯਾਬੀਆਂ ਨੂੰ ਅਮੋਲਕ ਵਿਰਾਸਤੀ ਰੰਗਤ ਦੇ ਕੇ ਸਾਂਭਿਆ ਗਿਆ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਵਿਦਵਾਨਾਂ ਚਿੰਤਕਾਂ ਅਤੇ ਬੁੱਧੀਜੀਵੀਆਂ ਦੇ ਰਾਮਗੜ੍ਹੀਆ ਵਿਰਾਸਤ ਨਾਲ ਸਬੰਧਤ ਵੱਖੋ- ਵੱਖਰੇ ਖੋਜ ਭਰਪੂਰ ਪਰਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪੁਸਤਕ ਦੀ ਸਿਰਜਣਾ ਪਿੱਛੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਅਤੇ ਇਸ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਜੱਬਲ ਹੁਰਾਂ ਦੇ ਯੋਗਦਾਨ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ ।
ਇਸ ਉਚੇਰੀ ਕੌਫੀ ਟੇਬਲ ਪੁਸਤਕ ਨੂੰ ਰਿਲੀਜ਼ ਕਰਨ ਉਪਰੰਤ ਬੀਬੀ ਜਗੀਰ ਕੌਰ (ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਨਾਮਵਰ ਸਿੱਖ ਵਿਦਵਾਨ ਸ. ਜੈਤੇਗ ਸਿੰਘ ਅਨੰਤ ਹੋਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੁਆਰਾ ਕੀਤਾ ਗਿਆ ਸ਼ਲਾਘਾਯੋਗ ਕਾਰਜ ਰਾਮਗੜ੍ਹੀਆ ਵਿਰਸੇ ਤੇ ਵਿਰਾਸਤ ਦੀ ਅਮੀਰੀ ਨੂੰ ਸਾਂਭਣ ਦਾ ਵੱਡਾ ਖ਼ਜ਼ਾਨਾ ਹੋਵੇਗਾ । ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਦੀ ਪ੍ਰਕਾਸ਼ਨਾ ਸਮਾਜ ਤੇ ਧਰਮ ਦੇ ਖੇਤਰ ਦੇ ਵਿਕਾਸ ਵਿਚ ਲਾਹੇਵੰਦ ਸਿੱਧ ਹੋਵੇਗੀ। ਇਸ ਪੁਸਤਕ ਸਬੰਧੀ ਕਾਲਜ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਵੱਲੋਂ ਪੁਸਤਕ ਦੇ ਮੁਹਾਂਦਰੇ , ਬਣਤਰ ਅਤੇ ਸਮੁੱਚੀ ਸਿਰਜਣਾ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਸਮਾਗਮ ਵਿਚ ਸੁਖਮਿੰਦਰ ਸਿੰਘ, ਸਿੱਖਿਆ ਸਕੱਤਰ, ਸੁਖਬੀਰ ਸਿੰਘ , ਨਿੱਜੀ ਸਹਾਇਕ ਸ੍ਰੀ ਅੰਮ੍ਰਿਤਸਰ, ਡਾ. ਮਨਿੰਦਰਜੀਤ , ਪ੍ਰੋ. ਜਗਪਿੰਦਰਪਾਲ ਸਿੰਘ ਡਾ. ਗੁਰਪ੍ਰੀਤ ਕੌਰ, ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ, ਪਤਵੰਤੇ ਸੱਜਣ ਅਤੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ– ਟੀਚਿੰਗ ਸਟਾਫ਼ ਹਾਜ਼ਰ ਸੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com