ਚੰਡੀਗੜ੍ਹ, 23 ਅਪ੍ਰੈਲ 2021-ਅੱਜ ਸਕੱਤਰੇਤ ਵਿਖੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸ਼ੀਏਸ਼ਨ ਅਤੇ ਜੁਆਇੰਟ ਐਕਸ਼ਨ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਸਕੱਤਰੇਤ ਪ੍ਰਸਾਸ਼ਨ ਵੱਲੋਂ ਲੰਮੇਂ ਸਮੇਂ ਤੋਂ ਕਲਰਕ ਤੋਂ ਬਤੌਰ ਸੀਨੀਅਰ ਸਹਾਇਕ ਪਦਉੱਨਤੀਆਂ ਲੰਬਿਤ ਰੱਖਣ ਅਤੇ ਸਕੱਤਰੇਤ ਦੇ ਕਲਰਕਾਂ ਨੂੰ ਏ.ਸੀ.ਪੀ ਦਾ ਲਾਭ ਨਾ ਦੇਣ ਦਾ ਗੰਭੀਰ ਨੋਟਿਸ ਲਿਆ। ਮੀਟਿੰਗ ’ਚ ਸੇਵਾਦਾਰ ਤੋਂ ਬਤੌਰ ਮੁੱਖ ਸੇਵਾਦਾਰ/ਦਫਤਰੀ/ਰਿਕਾਰਡ ਲਿਫਟਰ/ਮਸ਼ੀਨਮੈਨ/ਰੀਸਟੋਰਰ/ਕਮੇਟੀ ਰੂਮ ਅਟੈਂਡੇਂਟ ਅਤੇ ਗੇਟ-ਕੀਪਰ ਦੀਆਂ ਪਦਉਨਤੀਆਂ ਦਾ ਵੀ ਨੋਟਿਸ ਲਿਆ ਗਿਆ। ਐਸੋਸ਼ੀਏਸ਼ਨ ਨੇ ਇਹ ਵੀ ਵਿਚਾਰ ਕੀਤਾ ਕਿ ਜੇਕਰ 30 ਅਪ੍ਰੈਲ ਤੱਕ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪੇਸ਼ ਨਹੀਂ ਕੀਤੀ ਜਾਂਦੀ ਤਾਂ ਜੁਆਂਇਟ ਐਕਸ਼ਨ ਕਮੇਟੀ ਵੱਲੋਂ ਸਕੱਤਰੇਤ ਵਿਖੇ ਤਿੱਖਾ ਸੰਘਰਸ਼ ਵਿੱਢ ਦਿੱਤਾ ਜਾਵੇਗਾ।
ਮੀਟਿੰਗ ਉਪਰੰਤ ਐਸੋਸ਼ੀਏਸ਼ਨ ਦਾ ਇੱਕ ਵਫਦ ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਵਿਭਾਗ ਨੂੰ ਮਿਲਿਆ। ਪ੍ਰਮੁੱਖ ਸਕੱਤਰ ਨੇ ਐਸੋਸ਼ੀਏਸ਼ਨ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਵਫਦ ਨੇ ਉਨ੍ਹਾਂ ਨੂੰ ਦੱਸਿਆ ਕਿ ਕਰੋਨਾ ਦੌਰਾਨ ਮੁਲਾਜ਼ਮ ਜੀਅ ਜਾਨ ਨਾਲ ਕੰਮ ਕਰ ਰਹੇ ਹਨ, ਪ੍ਰੰਤੂ ਪ੍ਰਸ਼ਾਸਨ ਨਾਲ ਸਬੰਧਤ ਅਫਸਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕਰਕੇ ਆਪਣੇ ਪੱਧਰ ’ਤੇ ਬਣਾਏ ਨਿਯਮਾਂ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕਰਕੇ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਵਫਦ ਨੇ ਮੰਗ ਕੀਤੀ ਕਿ ਇਸ ਅਫਸਰ ਨੂੰ ਆਪ ਹੰੁਦਰੀਆਂ ਕਰਨ ਤੋਂ ਰੋਕਿਆ ਜਾਵੇ ਨਹੀਂ ਤਾਂ ਜੁਆਂਇਟ ਐਕਸ਼ਨ ਕਮੇਟੀ ਵੱਲੋਂ ਇਸ ਦੇ ਵਿਰੋਧ ਵਿੱਚ ਐਕਸ਼ਨ ਕੀਤਾ ਜਾਵੇਗਾ। ਇਸ ਤੋਂ ਪਹਿਲਾ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸੁਖਚੈਨ ਸਿੰਘ ਖਹਿਰਾ, ਮਿਥੁਨ ਚਾਵਲਾ, ਸੁਸ਼ੀਲ ਕੁਮਾਰ, ਬਲਰਾਜ ਸਿੰਘ, ਮਨਜਿੰਦਰ ਕੌਰ, ਸੁਖਜੀਤ ਕੌਰ, ਅਮਰਵੀਰ ਸਿੰਘ ਗਿੱਲ, ਪ੍ਰਵੀਨ ਕੁਮਾਰ, ਇੰਦਰਪਾਲ ਭੰਗੂ, ਮਨਜੀਤ ਸਿੰਘ, ਸੰਦੀਪ ਕੁਮਾਰ, ਕੁਲਵਿੰਦਰ ਸਿੰਘ, ਗੁਰਵੀਰ ਸਿੰਘ ਅਤੇ ਮਨਦੀਪ ਸਿੰਘ ਹਾਜ਼ਰ ਸਨ।