ਜਗਦੀਸ਼ ਥਿੰਦ
ਫ਼ਾਜ਼ਿਲਕਾ 23 ਅਪ੍ਰੈਲ , ਕੋਰੋਨਾ ਵਾਇਰਸ ਤੋਂ ਆਮ ਜਨਤਾ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀਆਂ ਅਪੀਲਾਂ ਦੇ ਬਾਵਜੂਦ ਜਦੋਂ ਲੋਕ ਕਾਨੂੰਨ ਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆਏ ਤਾਂ ਜ਼ਿਲ੍ਹਾ ਪੁਲਿਸ ਨੇ ਸਖਤੀ ਅਪਨਾਉਂਦੇ ਰਾਤ ਸਮੇਂ ਹੋਟਲ , ਦੁਕਾਨਾਂ ਖੋਲ੍ਹਣ ਵਾਲੇ ਕਥਿਤ ਦੋਸ਼ੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।
ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਆਈ ਪੀ ਐੱਸ ਦੇ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬੀਤੀ ਰਾਤ ਵੱਖ - ਵੱਖ ਪੁਲਸ ਥਾਣਿਆਂ ਅਧੀਨ ਖੇਤਰ ਵਿੱਚ ਪੁਲਸ ਪਾਰਟੀਆਂ ਵੱਲੋਂ ਰਾਤ ਦੇ ਕਰਫਿਊ ਸਮੇਂ ਨਿਗਰਾਨੀ ਕੀਤੀ ਜਾ ਰਹੀ ਸੀ ਤਾਂ ਅਨੇਕਾਂ ਵਿਅਕਤੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲਗਾਏ ਰਾਤ ਦੇ ਕਰਫਿਊ ਦੀ ਉਲੰਘਣਾ ਕਰਦੇ ਮਿਲਣ ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।
ਪੁਲਸ ਥਾਣਾ ਖੂਈ ਖੇੜਾ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਧਰਮਵੀਰ ਪੁੱਤਰ ਬਲਵੰਤ ਰਾਮ ਵਾਸੀ ਖੂਈ ਖੇੜਾ ਦੀ ਕਰਫਿਊ ਲੱਗਿਆ ਹੋਣ ਦੇ ਬਾਵਜੂਦ ਰਾਤ ਦੇ ਪੌਣੇ ਦੱਸ ਵਜੇ ਦੁਕਾਨ ਖੁੱਲੀ ਸੀ ।
ਇਸ ਵਿਅਕਤੀ ਵੱਲੋਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਦਿਆਂ ਮਾਸਕ ਵੀ ਨਹੀਂ ਸੀ ਲਗਾਇਆ ਹੋਇਆ ।
ਇਸ ਸਬੰਧੀ ਪੁਲਸ ਥਾਣਾ ਖੂਈ ਖੇੜਾ ਅੰਦਰ ਸਹਾਇਕ ਥਾਣੇਦਾਰ ਰਵੀ ਕਾਂਤ ਵੱਲੋਂ ਧਾਰਾ 188 ਅਧੀਨ ਅਤੇ 51ਬੀ ਡੀ ਐਮ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਹੈ ।
ਖੂਈ ਖੇੜਾ ਪੁਲਸ ਥਾਣੇ ਅਧੀਨ ਦੂਸਰਾ ਮਾਮਲਾ ਬੱਸ ਅੱਡਾ ਘੱਲੂ ਦੇ ਰਾਮ ਅਵਤਾਰ ਪੁੱਤਰ ਉੱਲਰ ਪ੍ਰਸਾਦ ਵਾਸੀ ਘੱਲੂ ਖ਼ਿਲਾਫ਼ ਦਰਜ ਕਰ ਕੇ ਗ੍ਰਿਫਤਾਰੀ ਹੋਈ ਹੈ ।
ਉਸ ਨੂੰ ਖਾਸ ਮੁਖ਼ਬਰ ਵੱਲੋਂ ਇਤਲਾਹ ਮਿਲੀ ਸੀ ਕਿ ਉਪਰੋਕਤ ਆਪਣੀ ਦੁਕਾਨ ਮੰਨੂ ਚਿਕਨ ਸ਼ਾਪ ਖੋਲ੍ਹ ਕੇ ਬੈਠਾ ਹੈ ।
ਇਸ ਸੰਬੰਧੀ ਹੈੱਡ ਕਾਂਸਟੇਬਲ ਭੁਪਿੰਦਰ ਸਿੰਘ ਵੱਲੋਂ ਅਪਰਾਧਿਕ ਮੁਕੱਦਮਾ ਦਰਜ ਕਰ ਕੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ।
ਪੁਲਸ ਥਾਣਾ ਸਿਟੀ 1 ਅਬੋਹਰ ਵਿਚ ਤਫ਼ਤੀਸ਼ ਅਧਿਕਾਰੀ ਬਹਾਦਰ ਸਿੰਘ ਵੱਲੋਂ ਕੀਤੀ ਗਈ ਕਾਰਵਾਈ ਵਿਚ ਹੋਟਲ ਬ੍ਰਾਈਨੈੱਸ ਰਿਜ਼ੌਰਟ ਕਿਲਿਆਂਵਾਲੀ ਬਾਈਪਾਸ ਚੌਕ ਅਬੋਹਰ ਸੰਬੰਧੀ ਪੁਲਸ ਨੂੰ ਇਤਲਾਹ ਮਿਲੀ ਕਿ ਤੜਕੇ 1.55 ਵਜੇ ਠੇਕੇਦਾਰ ਅਮਨ ਸਿੰਘ ਨੇ ਹੋਟਲ ਖੋਲ੍ਹਿਆ ਹੋਇਆ ਹੈ ।
ਇਸ ਸੰਬੰਧੀ ਅਧੀਨ ਧਾਰਾ 188 , 51 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਧੀਨ ਮੁਕੱਦਮਾ ਦਰਜ ਕੀਤਾ ਗਿਆ ।
ਇਸ ਸੰਬੰਧੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ ।
ਪੁਲੀਸ ਥਾਣਾ ਸਿਟੀ ਫਾਜ਼ਿਲਕਾ ਵੱਲੋਂ ਹੋਈ ਕਾਰਵਾਈ ਵਿਚ ਚੰਦਰ ਪ੍ਰਕਾਸ਼ ਪੁੱਤਰ ਹੰਸ ਰਾਜ ਵਾਸੀ ਸਲੇਮਸ਼ਾਹ ਥਾਣਾ ਸਦਰ ਫਾਜ਼ਿਲਕਾ ਨੂੰ ਗ੍ਰਿਫਤਾਰ ਕਰਨ ਬਾਅਦ ਜ਼ਮਾਨਤ ਉਪਰ ਰਿਹਾਅ ਕੀਤਾ ਗਿਆ ਹੈ ।
ਤਫ਼ਤੀਸ਼ ਅਧਿਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਜਦੋਂ ਪੁਲਸ ਪਾਰਟੀ ਸਮੇਤ ਅਨਾਜ ਮੰਡੀ ਫਾਜ਼ਿਲਕਾ ਪੁੱਜੇ ਤਾਂ ਉਕਤ ਕਥਿਤ ਦੋਸ਼ੀ ਚੰਦਰ ਪ੍ਰਕਾਸ਼ ਪੁੱਤਰ ਹੰਸ ਰਾਜ ਵਾਸੀ ਸਲੇਮ ਸ਼ਾਹ ਵਲੋਂ ਆਪਣਾ ਹੋਟਲ ਖੋਲ੍ਹਿਆ ਹੋਇਆ ਸੀ ।
ਪੁਲੀਸ ਥਾਣਾ ਸਿਟੀ ਫਾਜ਼ਿਲਕਾ ਦੇ ਸਹਾਇਕ ਥਾਣੇਦਾਰ ਭਗਵਾਨ ਸਿੰਘ ਜਦੋਂ ਪਾਰਟੀ ਸਮੇਤ ਸਪੋਰਟਸ ਕਿੰਗ ਸ਼ੋਅ ਰੂਮ ਫਾਜ਼ਿਲਕਾ ਪੁੱਜੇ ਤਾਂ ਅਸ਼ੋਕ ਕੁਮਾਰ ਮੈਨੇਜਰ ਪੁੱਤਰ ਨਵਾਬ ਵਾਸੀ ਨੋਰੰਗ ਲਿਲੀ ਗਏ ਕੈਨਾਲ ਕਾਲੋਨੀ ਫਿਰੋਜ਼ਪੁਰ ਨੇ ਆਪਣਾ ਸ਼ੋਅ ਰੂਮ ਖੋਲ੍ਹਿਆ ਹੋਇਆ ਹੈ ।
ਪੁਲਿਸ ਅਨੁਸਾਰ ਉਸ ਸਮੇਂ ਰਾਤ ਦੇ 10.28 ਮਿੰਟ ਦਾ ਸਮਾਂ ਸੀ ।
ਪੁਲਸ ਪਾਰਟੀ ਵੱਲੋਂ ਇਸ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਨ ਤੋਂ ਬਾਅਦ ਜ਼ਮਾਨਤ ਉਪਰ ਰਿਹਾਅ ਕੀਤਾ ਗਿਆ ਹੈ ।
ਪੁਲੀਸ ਥਾਣਾ ਸਦਰ ਫਾਜ਼ਿਲਕਾ ਦੇ ਪਿੰਡ ਢਾਣੀ ਖਰਾਸ ਵਾਸੀ ਵਿਅਕਤੀ ਦੁਕਾਨ ਖੋਲ੍ਹ ਕੇ ਬੈਠਾ ਸੀ ।
ਪੁਲਸ ਨੂੰ ਦੇਖ ਕੇ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ।
ਇਸ ਤਰ੍ਹਾਂ ਰਾਤ 9 ਵਜੇ
ਦੁਕਾਨ ਖੋਲ੍ਹ ਕੇ ਬੈਠਣਾ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਗਾਏ ਕਰਫਿਊ ਦੀ ਸ਼ਰ੍ਹੇਆਮ ਉਲੰਘਣਾ ਹੋਣੀ ਪਾਈ ਗਈ ।
ਪੁਲਸ ਵੱਲੋਂ ਕਰਫਿਊ ਦੌਰਾਨ ਦੁਕਾਨ ਖੋਲ੍ਹਣ ਲਈ ਕੋਈ ਪਰਮਿਟ ਜਾਂ ਪਾਸ ਦਿਖਾਉਣ ਦੀ ਮੰਗ ਕੀਤੀ ਗਈ ਪਰ ਦੁਕਾਨਦਾਰ ਕੋਲ ਅਜਿਹਾ ਕੋਈ ਵੀ ਦਸਤਾਵੇਜ਼ ਨਹੀਂ ਸੀ ।
ਕਥਿਤ ਦੋਸ਼ੀ ਗੁਰਮੇਜ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਢਾਣੀ ਖਰਾਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ।
ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਾਰ ਫੇਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਵਿਡ - 19 ਉੱਪਰ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ
ਵੱਖ ਵੱਖ ਸਮੇਂ ਦੌਰਾਨ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।