ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ 2021-ਸ੍ਰੀ ਮੁਕਤਸਰ ਸਾਹਿਬ ਦੀ ਐਸ. ਡੀ. ਐਮ. ਸਵਰਨਜੀਤ ਕੌਰ ਨੇ ਲੋਕਾਂ ਦੇ ਡਰਾਇਵਰੀ ਲਾਇਸੰਸ ਘਰੋ-ਘਰੀ ਪੁੱਜਦੇ ਕਰਨ ਦੀ ਅਨੋਖੀ ਪਹਿਲ ਸ਼ੁਰੂ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਸਹੂਲਤ ਮਹਿਸੂਸ ਹੋ ਰਹੀ ਹੈ। ਦੱਸਣਯੋਗ ਹੈ ਕਿ ਡਰਾਇਵਰੀ ਲਾਇਸੰਸ ਲੈਣ ਵਾਸਤੇ ਲੋਕਾਂ ਨੂੰ ਐਸ. ਡੀ. ਐਮ. ਦਫਤਰ ਵਿੱਚ ਗੇੜੇ ਮਾਰਨੇ ਪੈਂਦੇ ਸਨ, ਕਈ ਵਾਰੀ ਲਾਇਸੰਸ ਬਣਿਆ ਨਹੀਂ ਸੀ ਹੁੰਦਾ, ਇਸ ਲਈ ਵਾਪਸ ਜਾਣਾ ਪੈਂਦਾ ਸੀ। ਇਸ ਲਈ ਐਸਡੀਐਮ ਸਵਰਨਜੀਤ ਕੌਰ ਨੇ ਆਪਣੇ ਦਫਤਰ ਦੇ ਕਲਰਕਾਂ ਰਾਹੀਂ ਲਾਇਸੰਸ ਲੋਕਾਂ ਨੂੰ ਘਰੋ-ਘਰੀ ਭੇਜੇ ਜਾ ਰਹੇ ਹਨ।
ਐਸਡੀਐਮ ਸਵਰਨਜੀਤ ਕੌਰ ਨੇ ਦੱਸਿਆ ਕਿ ਵਾਢੀ ਕਰਕੇ ਦਫਤਰਾਂ ਵਿੱਚ ਵਿਹਲ ਹੈ। ਇਸ ਲਈ ਕਲਰਕਾਂ ਨੂੰ ਘਰੋ-ਘਰੀ ਲਾਇਸੰਸ ਦੇਣ ਦੀ ਡਿਊਟੀ ਲਾ ਦਿੱਤੀ ਹੈ। ਦੋ ਦਿਨਾਂ ਵਿੱਚ ਕਰੀਬ 250 ਲਾਇਸੰਸ ਪਿੰਡ ਡੋਡਾਂਵਾਲੀ, ਝਬੇਲਵਾਲੀ, ਮੋਤਲੇਵਾਲਾ, ਬਰੀਵਾਲਾ, ਮਰਾੜ੍ਹ ਕਲਾਂ, ਵੜਿੰਗ, ਚੱਕ ਗਾਧਾਂ ਸਿੰਘ ਵਾਲਾ, ਰੁਪਾਣਾ, ਸੋਥਾ, ਚੱਕ ਤਾਮਕੋਟ, ਤਾਮਕੋਟ ਆਦਿ ਪਿੰਡਾਂ ਵਿੱਚ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫਰਵਰੀ 2021 ਤੋਂ ਬਾਅਦ ਜਮ੍ਹਾਂ ਕਰਵਾਏ ਲਾਇਸੰਸ ਹੈਡ ਕੁਆਟਰ ਚੰਡੀਗੜ੍ਹ ਵੱਲੋਂ ਸਿੱਧੇ ਹੀ ਬਿਨੇਕਾਰ ਦੇ ਘਰ ਡਾਕ ਰਾਹੀਂ ਭੇਜੇ ਜਾਣਗੇ। ਕਲਰਕ ਲਵਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਜਾ ਕੇ ਚੌਂਕੀਦਾਰ ਕੋਲੋ ਹੌਕਾ ਦਵਾ ਦਿੰਦੇ ਹਨ ਅਤੇ ਲਾਇਸੰਸ ਹੋਲਡਰ ਦੇ ਦਸਤਖਤ ਕਰਵਾਕੇ ਲਾਇਸੰਸ ਉਸਨੂੰ ਦੇ ਦਿੱਤਾ ਜਾਂਦਾ ਹੈ। ਜਸਵਿੰਦਰ ਸਿੰਘ ਮੋਤਲੇਵਾਲਾ, ਸੰਜੀਵ ਕੁਮਾਰ ਤੇ ਜਸਪਾਲ ਸਿੰਘ ਬਰੀਵਾਲਾ ਨੇ ਕਿਹਾ ਕਿ ਪ੍ਰਸ਼ਾਸਨ ਦਾ ਇਹ ਉਦਮ ਬਹੁਤ ਸ਼ਲਾਂਘਾਯੋਗ ਹੈ।