ਗੁਰਪ੍ਰੀਤ ਸਿੰਘ ਮੰਡਿਆਣੀ
- ਕਿਹਾ ! ਅਨਾਜ ਮੰਡੀਆਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਦੇ ਸਹਿਕਾਰੀ ਬੈਂਕ ਵਿੱਚ ਖਾਤੇ ਖੁੱਲ੍ਹਵਾਏ ਜਾ ਰਹੇ
- ਪਿਛਲੀ ਸਰਕਾਰ ਨੇ ਸਹਿਕਾਰੀ ਬੈਂਕਾਂ ਨੂੰ ਕੱਖੋਂ ਹੌਲੇ ਕੀਤਾ, ਹੁਣ 87 ਵਿੱਚੋਂ 70 ਬੈਂਕਾਂ ਮੁੜ੍ਹ ਕਰਜ਼ਾ ਦੇਣ ਲੱਗੀਆਂ
- ਪਿੰਡ ਭਿੰਡਰ ਖੁਰਦ ਵਿਖੇ ਸਹਿਕਾਰੀ ਬੈਂਕ ਦਾ ਉਦਘਾਟਨ
- ਕਿਹਾ ! ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਲੋੜੀਂਦੀ ਗਿਣਤੀ ਵਿੱਚ ਬਾਰਦਾਨਾ ਪੂਰਾ
ਭਿੰਡਰ ਖੁਰਦ/ਮੋਗਾ, 23 ਅਪ੍ਰੈਲ 2021 - ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਤੌਰ ਉੱਤੇ ਮਜਬੂਤ ਕਰਨ ਲਈ ਉਹਨਾਂ ਨੂੰ ਸਹਿਕਾਰੀ ਬੈਂਕਾਂ ਨਾਲ ਜੋੜਿਆ ਜਾ ਰਿਹਾ ਹੈ। ਉਹ ਅੱਜ ਪਿੰਡ ਭਿੰਡਰ ਖੁਰਦ ਵਿਖੇ ਸਹਿਕਾਰੀ ਬੈਂਕ ਦੀ ਸ਼ਾਖਾ ਦਾ ਉਦਘਾਟਨ ਕਰਨ ਲਈ ਆਏ ਸਨ। ਇਸ ਮੌਕੇ ਉਹਨਾਂ ਨਾਲ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਐਸ ਡੀ ਐੱਮ ਸ੍ਰ ਰਾਮ ਸਿੰਘ, ਬੈਂਕ ਦੇ ਅਧਿਕਾਰੀ ਅਤੇ ਹੋਰ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਰੰਧਾਵਾ ਨੇ ਕਿਹਾ ਕਿ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਜਿੱਥੇ ਸਹਿਕਾਰੀ ਬੈਂਕਾਂ ਨੂੰ ਪ੍ਰਮੋਟ ਕਰਨ ਲਈ ਸਹਿਕਾਰਤਾ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਮੁਹਿੰਮ ਚਲਾ ਕੇ ਲੋਕਾਂ ਨੂੰ ਇਸ ਨਾਲ ਜੁੜਨ ਲਈ ਪ੍ਰੇਰਿਆ ਜਾ ਰਿਹਾ ਹੈ ਉਥੇ ਕਿਸਾਨਾਂ ਦੀ ਸੌਖ ਵਾਸਤੇ ਅਨਾਜ ਮੰਡੀਆਂ ਵਿੱਚ ਕੈਂਪ ਲਗਾ ਕੇ ਸਹਿਕਾਰੀ ਬੈਂਕ ਵਿੱਚ ਖਾਤੇ ਖੁੱਲ੍ਹਵਾਏ ਜਾ ਰਹੇ ਹਨ। ਇਸ ਨਾਲ ਕਿਸਾਨਾਂ ਨੂੰ ਖਾਤਿਆਂ ਵਿੱਚ ਹੋਣ ਵਾਲੀ ਸਿੱਧੀ ਅਦਾਇਗੀ ਲਈ ਪ੍ਰਾਈਵੇਟ ਬੈਂਕਾਂ ਕੋਲ ਨਹੀਂ ਜਾਣਾ ਪਵੇਗਾ। ਸਹਿਕਾਰਤਾ ਵਿਭਾਗ ਦੀ ਇਸ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਅਤੇ ਮੌਜੂਦਾ ਮੰਡੀਕਰਨ ਸੀਜ਼ਨ ਦੌਰਾਨ 1253 ਨਵੇਂ ਖਾਤੇ ਖੁੱਲ੍ਹਵਾਏ ਗਏ। ਇਸ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੂੰ ਅਨਾਜ ਖਰੀਦ ਦੇ ਪੋਰਟਲ ਨਾਲ ਅਪੈਨਲ ਵੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਹਿਕਾਰੀ ਬੈਂਕਾਂ ਵਿੱਚ ਕੇ.ਸੀ.ਸੀ. ਧਾਰਕਾਂ ਦੇ 8.64 ਲੱਖ ਬੱਚਤ ਖਾਤੇ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨੀ ਦੀ ਰੀੜ੍ਹ ਦੀ ਹੱਡੀ ਸਹਿਕਾਰਤਾ ਵਿਭਾਗ ਦੇ ਸਾਰੇ ਅਦਾਰਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਸਹਿਕਾਰੀ ਬੈਂਕ ਨੂੰ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਦਾ ਬਣਾਇਆ ਜਾ ਰਿਹਾ ਹੈ ਜਿਸ ਲਈ ਨਵੇਂ ਸਟਾਫ ਦੀ ਭਰਤੀ ਵੀ ਕੀਤੀ ਜਾ ਰਹੀ ਹੈ। ਜਲਦੀ ਹੀ 350 ਫੀਲਡ ਅਫ਼ਸਰ ਨੌਕਰੀ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਜਿਹਨਾਂ ਬੈਂਕਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਸੀ ਪਰ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਦਲੇਰਾਨਾ ਕਦਮਾਂ ਦੇ ਕਾਰਨ ਅੱਜ ਸਹਿਕਾਰੀ ਬੈਂਕਾਂ ਮੁੜ੍ਹ ਆਪਣੇ ਪੈਰਾਂ ਉੱਤੇ ਹੋ ਰਹੀਆਂ ਹਨ। ਨਤੀਜੇ ਵਜੋਂ ਅੱਜ 87 ਵਿੱਚੋਂ 70 ਬੈਂਕਾਂ ਮੁੜ੍ਹ ਕਰਜ਼ਾ ਦੇਣ ਲੱਗੀਆਂ ਹਨ। ਉਹਨਾਂ ਕਿਹਾ ਕਿ ਇਹ ਅਦਾਰਾ ਕਿਸਾਨਾਂ ਦਾ ਅਦਾਰਾ ਹੈ, ਜੌ ਕਿ ਸਿਰਫ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨੂੰ ਹੀ ਮੂਹਰੇ ਰੱਖਦਾ ਹੈ। ਉਹਨਾਂ ਕਿਹਾ ਕਿ ਇਸੇ ਕਰਕੇ ਹੀ ਅਦਾਰੇ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਵਾਰ ਦੁੱਧ ਦੀ ਕੀਮਤ ਵਧਾਈ ਤਾਂ ਜੌ ਕਿਸਾਨਾਂ ਦਾ ਇਹ ਸਹਿਕਾਰੀ ਧੰਦਾ ਚਲਦਾ ਰਹੇ। ਉਹਨਾਂ ਕਿਹਾ ਕਿ ਸਹਿਕਾਰਤਾ ਅਦਾਰਿਆਂ ਦੇ ਉਤਪਾਦਾਂ ਦੀ ਹੋਰ ਰਾਜਾਂ ਸਮੇਤ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ।
ਦੇਸ਼ ਵਿੱਚ ਕਰੋਨਾ ਤੋਂ ਬਚਾਅ ਲਈ ਵੈਕਸੀਨ ਦੀ ਕਮੀ ਬਾਰੀ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਇਹ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਨਲਾਇਕੀ ਹੈ ਕਿ ਭਾਰਤੀਆਂ ਦਾ ਮੁਕੰਮਲ ਟੀਕਾਕਰਨ ਹੋਣ ਤੋਂ ਪਹਿਲਾਂ ਹੀ ਹੋਰ ਦੇਸ਼ਾਂ ਨੂੰ ਵੈਕਸੀਨ ਸਸਤੇ ਭਾਅ ਵੇਚ ਦਿੱਤੀ ਗਈ ਜਦਕਿ ਹੁਣ ਸਾਡੇ ਦੇਸ਼ ਵਿੱਚ ਵੈਕਸੀਨ ਦੀ ਕਮੀ ਹੋ ਗਈ ਹੈ ਤਾਂ ਬਾਹਰੋਂ ਵੈਕਸੀਨ ਮੰਗਵਾਉਣੀ ਪੈ ਰਹੀ ਹੈ। ਵਿਸ਼ਵ ਦੇ ਹਰੇਕ ਦੇਸ਼ ਨੇ ਆਪਣੇ ਲੋਕਾਂ ਨੂੰ ਦਵਾਈ ਪਹਿਲਾਂ ਮੁਹੱਈਆ ਕਰਵਾਈ ਪਰ ਸਾਡੇ ਦੇਸ਼ ਵਿੱਚ ਇਸ ਤੋਂ ਉਲਟ ਹੋਇਆ। ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਘਰ ਘਰ ਜਾ ਕੇ ਟੀਕਾਕਰਨ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੰਡੀਆਂ ਦੇ ਕੀਤੇ ਜਾ ਰਹੇ ਦੌਰਿਆਂ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਵੇਲੇ 10 ਸਾਲ ਕਿੱਥੇ ਰਹੇ, ਜਦੋਂ ਕਿਸਾਨ ਨਿੱਤ ਮੰਡੀਆਂ ਵਿੱਚ ਅਤੇ ਸੜਕਾਂ ਉੱਤੇ ਰੁਲਦੇ ਸਨ। ਉਹਨਾਂ ਕਿਹਾ ਕਿ ਜਿਹਨਾਂ ਦੀ ਖੁਦ ਦੀ ਜ਼ਮੀਰ ਮਰੀ ਹੁੰਦੀ ਹੈ ਤਾਂ ਉਹਨਾਂ ਨੂੰ ਆਪਣਾ ਟਾਈਮ ਭੁੱਲ ਕੇ ਹੋਰਾਂ ਲੋਕਾਂ ਉੱਤੇ ਉਂਗਲ ਨਹੀਂ ਚੁੱਕਣੀ ਚਾਹੀਦੀ ਹੈ। ਬਾਰਦਾਨੇ ਦੀ ਕਮੀ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਅੱਜ ਸ਼ਾਮ ਤੱਕ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਲੋੜੀਂਦੀ ਗਿਣਤੀ ਵਿੱਚ ਬਾਰਦਾਨਾ ਪੂਰਾ ਹੋਵੇਗਾ। ਪਿਛਲੀ ਸਰਕਾਰ ਵੇਲੇ ਕਥਿਤ ਤੌਰ ਉੱਤੇ ਹੋਏ ਕੀੜੇਮਾਰ ਦਵਾਈਆਂ ਦੇ ਘਪਲੇ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਸਨੂੰ ਨਤੀਜੇ ਉੱਤੇ ਪਹੁੰਚਾਇਆ ਜਾਏਗਾ।
ਇਸ ਮੌਕੇ ਹਾਜ਼ਰ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਚਾਰ ਪਿੰਡਾਂ ਲਈ ਸਹਿਕਾਰੀ ਬੈਂਕ ਖੋਲ੍ਹਣ ਉੱਤੇ ਕੈਬਨਿਟ ਮੰਤਰੀ ਸ੍ਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਬੈਂਕ ਦੇ ਖੁੱਲਣ ਨਾਲ ਆਮ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ। ਇਸ ਤੋਂ ਪਹਿਲਾਂ ਲੋਕਾਂ ਨੂੰ ਕੈਸ਼ ਲੈਣ ਲਈ ਸ਼ਹਿਰ ਜਾਂ ਹੋਰ ਪਿੰਡਾਂ ਵਿੱਚ ਜਾਣਾ ਪੈਂਦਾ ਸੀ। ਉਹਨਾਂ ਕਿਹਾ ਕਿ ਇਸ ਬੈਂਕ ਵਿੱਚ ਜਲਦੀ ਹੀ ਏ ਟੀ ਐੱਮ ਵੀ ਖੋਲ੍ਹਿਆ ਜਾਵੇਗਾ। ਉਹਨਾਂ ਸੋਸਾਇਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ।