ਦੀਪਕ ਜੈਨ
- ਕੌਂਸਲਰ ਰਾਣਾ ਦੀ ਪ੍ਰਧਾਨਗੀ ਦੀ ਦਾਅਵੇਦਾਰੀ ਲਗਭਗ ਪੱਕੀ
ਜਗਰਾਓਂ, 23 ਅਪ੍ਰੈਲ 2021 - ਆਉਣ ਵਾਲੇ ਸੋਮਵਾਰ ਨੂੰ ਨਗਰ ਕੌਂਸਲ ਜਗਰਾਓਂ ਦਾ ਪ੍ਰਧਾਨ ਚੁਣਿਆ ਜਾ ਰਿਹਾ ਹੈ ਅਤੇ ਇਸ ਪ੍ਰਧਾਨਗੀ ਨੂੰ ਲੈਕੇ ਕਈ ਕੌਂਸਲਰ ਪਿਛਲੇ 2 ਮਹੀਨਿਆ ਤੋਂ ਪੱਬਾਂ ਭਾਰ ਹੋਏ ਬੈਠੇ ਸਨ। ਹੁਣ ਕੌਂਸਲਰਾਂ ਨੂੰ ਏਜੇਂਡਾ ਆ ਗਿਆ ਹੈ ਕਿ ਪ੍ਰਧਾਨਗੀ ਦੀ ਚੌਣ ਸੋਮਵਾਰ ਨੂੰ ਹੋਵੇਗੀ। ਇਸ ਪ੍ਰਧਾਨਗੀ ਲਈ ਕਈ ਦਾਅਵੇਦਾਰ ਆਏ ਹਨ ਪਰ ਕੌਂਸਲਰ ਰਾਣਾ ਜੋਕਿ ਲਗਾਤਾਰ ਤੀਜੀ ਵਾਰ ਕੌਂਸਲਰ ਬਣੇ ਹਨ , ਦੀ ਦਾਅਵੇਦਾਰੀ ਲਗਭਗ ਪੱਕੀ ਮੰਨੀ ਜਾ ਰਹੀ ਹੈ।
ਅੱਜ ਤੋਂ 2 ਮਹੀਨੇ ਪਹਿਲਾਂ ਨਗਰ ਕੌਂਸਲ ਜਗਰਾਓਂ ਦੀਆਂ ਚੌਣਾ ਵਿਚ 23 ਵਿਚੋਂ 17 ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਈਆਂ ਸਨ ਅਤੇ ਕਾਂਗਰਸ ਪਾਰਟੀ ਵਲੋਂ ਦੋ ਭਰਾ ਜਤਿੰਦਰਪਾਲ ਰਾਣਾ ਅਤੇ ਰਾਜੂ ਕਾਮਰੇਡ ਜੇਤੂ ਰਹੇ ਸਨ। ਪਿਛਲੇ ਕਾਫੀ ਸਮੇ ਤੋਂ ਪ੍ਰਧਾਨਗੀ ਲਈ ਕਈ ਕੌਂਸਲਰਾਂ ਵਲੋਂ ਹਾਇਕਮਾਨ ਤਕ ਪਹੁੰਚ ਕੀਤੀ ਜਾ ਰਹੀ ਸੀ ਪਰ ਹੁਣ ਸੂਤਰ ਦਸਦੇ ਹਨ ਕਿ ਪ੍ਰਧਾਨਗੀ ਕੌਂਸਲਰ ਰਾਣਾ ਦੇ ਕੋਲ ਜਾ ਰਹੀ ਹੈ। ਰਾਣਾ ਪਹਿਲਾਂ ਦੋ ਵਾਰ ਅਜਾਦ ਚੌਣ ਲੜਕੇ ਜੇਤੂ ਰਹੇ ਸਨ ਅਤੇ ਹੁਣ ਪਾਰਟੀ ਵਲੋਂ ਵੀ ਚੌਣ ਮੈਦਾਨ ਵਿਚ ਉਤਰਕੇ ਜਿੱਤ ਗਏ ਸਨ ਅਤੇ ਹੁਣ ਪ੍ਰਧਾਨਗੀ ਦੇ ਸਭ ਤੋਂ ਵੱਡੇ ਦਾਅਵੇਦਾਰ ਹਨ।