- ਕੋਵੀਸ਼ੀਲਡ' ਲਈ ਸਰਕਾਰੀ ਹਸਪਤਾਲਾਂ ਵਿੱਚ 400 ਰੁਪਏ ਪ੍ਰਤੀ ਖੁਰਾਕ, ਜਦੋਂ ਕਿ ਨਿੱਜੀ ਹਸਪਤਾਲਾਂ ਵਿੱਚ 600 ਰੁਪਏ ਪ੍ਰਤੀ ਖੁਰਾਕ ਦੇਣੇ ਪੈਣਗੇ
- ਕੋਵੈਕਸੀਨ ਨਿੱਜੀ ਹਸਪਤਾਲਾਂ ਵਿੱਚ 1,200 ਰੁਪਏ ਅਤੇ ਸਰਕਾਰੀ ਹਸਪਤਾਲਾਂ ਵਿੱਚ 600 ਰੁਪਏ ਪ੍ਰਤੀ ਖ਼ੁਰਾਕ ਚੁਕਾਣੇ ਪੈਣਗੇ
ਗੌਰਵ ਮਾਣਿਕ
ਫਿਰੋਜ਼ਪੁਰ 26 ਅਪ੍ਰੈਲ 2021 - ਕੋਰੋਨਾ ਮਹਾਮਾਰੀ ਦੀ ਦੂਸਰੀ ਸਟ੍ਰੇਨ ਜਿੱਥੇ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ ਉੱਥੇ ਹੀ ਨੌਜਵਾਨਾਂ ਲਈ ਵੀ ਸੁਖਦ ਖ਼ਬਰ ਹੈ , ਕਿ ਹੁਣ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਦੇਸ਼ ਵਿੱਚ 18 ਤੋਂ 45 ਸਾਲ ਤੱਕ ਦੇ ਨੌਜਵਾਨਾਂ ਦੀ ਗਿਣਤੀ 60 ਕਰੋੜ ਦੇ ਕਰੀਬ ਹੈ, 1 ਮਈ ਤੋਂ ਨਿੱਜੀ ਕੇਂਦਰਾਂ ਵਿੱਚ ਟੀਕਾ ਲਵਾਉਣ ਦਾ ਸਮਾਂ ਲੈਣ ਸਮੇਂ ਤੁਸੀਂ ਆਪਣੀ ਮਨ ਪਸੰਦ ਦਾ ਕੋਰੋਨਾ ਵਾਇਰਸ ਖਿਲਾਫ਼ ਇਮਿਊਨਿਟੀ ਵਧਾਉਣ ਵਾਲਾ ਟੀਕਾ ਚੁਣ ਸਕੋਗੇ।
ਸਿਹਤ ਮੰਤਰਾਲਾ ਨੇ ਨਿਰਦੇਸ਼ ਦਿੱਤਾ ਹੈ ਕਿ ਸਾਰੇ ਨਿੱਜੀ ਟੀਕਾਕਰਨ ਕੇਂਦਰਾਂ ਨੂੰ ਕੋਵਿਨ ਪਲੇਟਫਾਰਮ 'ਤੇ ਇਹ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ ਕਿ ਕਿਹੜਾ ਟੀਕਾ ਲਾਇਆ ਜਾਵੇਗਾ, ਸਟਾਕ ਕਿੰਨਾ ਹੈ ਅਤੇ ਕੀਮਤ ਕਿੰਨੀ ਵਸੂਲ ਕੀਤੀ ਜਾਵੇਗੀ। ਕੋਵਿਡ-19 ਟੀਕਾ ਲਵਾਉਣ ਲਈ 18 ਤੋਂ 45 ਸਾਲ ਦੀ ਉਮਰ ਵਿਚਕਾਰ ਵਾਲਿਆਂ ਲਈ ਕੋਵਿਨ ਦੇ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ ਉੱਥੇ ਹੀ 45 ਸਾਲ ਤੋਂ ਉਪਰ ਦੇ ਲੋਕਾਂ ਲਈ ਫਿਲਹਾਲ ਟੀਕਾ ਲਵਾਉਣ ਸਮੇਂ ਰਜਿਸਟ੍ਰੇਸ਼ਨ ਦੀ ਮੌਜੂਦਾ ਸਹੂਲਤ ਉਪਲਬਧ ਰਹੇਗੀ।
18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਕੋਵਿਨ ਪੋਰਟਲ ਅਤੇ ਅਰੋਗਿਆ ਸੇਤੂ ਐਪ 'ਤੇ ਸ਼ੁਰੂ ਹੋਵੇਗੀ । ਹੁਣ ਸੂਬਾ ਸਰਕਾਰਾਂ ਤੇ ਨਿੱਜੀ ਹਸਪਤਾਲ ਵੀ ਸਿੱਧੇ ਵੈਕਸੀਨ ਬਣਾਉਣ ਵਾਲੀ ਕੰਪਨੀਆਂ ਤੋਂ ਟੀਕੇ ਖ਼ਰੀਦ ਸਕਣਗੇ। ਦੱਸ ਦੇਈਏ ਕਿ ਸੀਰਮ ਨੇ ਆਪਣੀ ਵੈਕਸੀਨ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਨੇ ਆਪਣੀ ਕੋਵੈਕਸੀਨ ਦੀ ਕੀਮਤ ਨਿਰਧਾਰਤ ਕਰ ਦਿੱਤੀ ਹੈ। 'ਕੋਵੀਸ਼ੀਲਡ' ਦੀ ਕੀਮਤ ਸੂਬਾ ਸਰਕਾਰਾਂ ਲਈ 400 ਰੁਪਏ ਪ੍ਰਤੀ ਖੁਰਾਕ, ਜਦੋਂ ਕਿ ਨਿੱਜੀ ਹਸਪਤਾਲਾਂ ਲਈ 600 ਰੁਪਏ ਪ੍ਰਤੀ ਖੁਰਾਕ ਹੋਵੇਗੀ। ਕੋਵੈਕਸੀਨ ਨਿੱਜੀ ਹਸਪਤਾਲਾਂ ਨੂੰ 1,200 ਰੁਪਏ ਅਤੇ ਸੂਬਾ ਸਰਕਾਰਾਂ ਨੂੰ 600 ਰੁਪਏ ਪ੍ਰਤੀ ਖੁਰਾਕ ਦੀ ਕੀਮਤ 'ਤੇ ਮਿਲੇਗੀ। ਹਾਲਾਂਕਿ, ਸਰਕਾਰੀ ਹਸਪਤਾਲਾਂ ਵਿਚ ਟੀਕਾਕਰਨ ਮੁਫ਼ਤ ਹੋ ਸਕਦਾ ਹੈ ਕਿਉਂਕਿ ਰਾਜਸਥਾਨ ਮਹਾਰਾਸ਼ਟਰ ਦੀਆਂ ਸੂਬਾ ਸਰਕਾਰਾਂ ਨੇ ਖ਼ੁਦ ਇਸ ਦਾ ਖ਼ਰਚ ਚੁੱਕਣ ਦਾ ਵੀ ਫ਼ੈਸਲਾ ਕੀਤਾ ਹੈ । ਪਰ ਅਜੇ ਤੱਕ ਪੰਜਾਬ ਦੀ ਸੂਬਾ ਸਰਕਾਰ ਨੇ ਇਸ ਤੇ ਕੋਈ ਫੈਸਲਾ ਨਹੀਂ ਕੀਤਾ ਹੈ