'ਟਿਕਟ ਲੈਣੀ ਤਾਂ ਜਲਦ ਭੇਜੋ 7 ਲੱਖ ਰੁਪਏ' - ਕਾਂਗਰਸੀ ਲੀਡਰ ਨੂੰ "ਪ੍ਰਸ਼ਾਂਤ ਕਿਸ਼ੋਰ" ਦੇ ਨਾਂਅ 'ਤੇ ਆਈ ਕਾਲ !
ਚੰਡੀਗੜ੍ਹ, 4 ਮਈ, 2021: 2017 ਵਿੱਚ ਸੁਨਾਮ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਹੀ ਦਾਮਨ ਬਾਜਵਾ ਨੇ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਅਤੇ ਸੰਗਰੂਰ ਦੇ ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਨੂੰ ਸ਼ਿਕਾਇਤਾਂ ਭੇਜ ਕੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਪ੍ਰਸ਼ਾਂਤ ਕਿਸ਼ੋਰ ਦੇ ਨਾਂਅ ’ਤੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਸ਼ਾਂਤ ਕਿਸ਼ੋਰ, ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਪ੍ਰਿੰਸੀਪਲ ਅਡਵਾਈਜ਼ਰ ਤੇ ਚੋਣ ਰਣਨੀਤੀਕਾਰ ਨੇ।
ਦਾਮਨ ਬਾਜਵਾ ਨੇ ਇਲਜ਼ਾਮ ਲਾਏ ਕਿ ਉਨ੍ਹਾਂ ਦੇ ਹੀ ਪਾਰਟੀ ਸਾਥੀਆਂ ਨੇ ਉਨ੍ਹਾਂ ਨੂੰ ਇਹ ਦੱਸਿਆ ਕਿ ਪ੍ਰਸ਼ਾਂਤ ਕਿਸ਼ੋਰ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਨੇ ਤੇ ਉਹ ਲਗਾਤਾਰ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦਾਮਨ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਵ੍ਹਟਸਐਪ ਨੰਬਰ ਦੇ ਕੇ ਉਸ 'ਤੇ ਤੁਰੰਤ ਗੱਲ ਕਰਨ ਲਈ ਆਖਿਆ ਗਿਆ। ਬਾਜਵਾ ਨੇ ਕਿਹਾ ਕਿ, ਕਿਉਂਕਿ ਉਹ ਆਪਣੀ ਪਾਰਟੀ ਦੇ ਇੰਨ੍ਹਾਂ ਸਾਥੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਤੇ ਇਸੇ ਕਰਕੇ ਉਸਨੇ ਇੰਨ੍ਹਾਂ 'ਤੇ ਭਰੋਸਾ ਕਰਕੇ ਕਾਲ ਕਰ ਲਈ। ਪਰ ਜਦੋਂ ਦਾਮਨ ਬਾਜਵਾ ਨੇ ਉਸ ਨੰਬਰ 'ਤੇ ਕਾਲ ਕੀਤੀ ਤਾਂ ਕੁਝ ਸਮਾਂ ਉਹ ਫੋਨ 'ਤੇ ਸਾਹਮਣੇ ਵਾਲੇ ਬੰਦੇ ਨੂੰ ਪ੍ਰਸ਼ਾਂਤ ਕਿਸ਼ੋਰ ਸਮਝ ਕੇ ਹੀ ਗੱਲ ਕਰਨ ਲੱਗੀ, ਪਰ ਜਦੋਂ ਸਾਹਮਣਿਉਂ ਪੈਸੇ ਬਾਬਤ ਕੋਈ ਡੀਲ ਦੀ ਗੱਲ ਹੋਈ ਤਾਂ ਦਾਮਨ ਬਾਜਵਾ ਦੇ ਕਹਿਣ ਅਨੁਸਾਰ ਉਸਨੂੰ ਸ਼ੱਕ ਪੈਦਾ ਹੋਈ।
ਫ਼ੋਨ ਕਰਨ ਵਾਲੇ ਨੇ ਸੁਨਾਮ ਦੇ ਹੀ ਇਕ ਹੋਰ ਆਗੂ ਦੇ ਵੇਰਵੇ ਵੀ ਦਾਮਨ ਬਾਜਵਾ ਨਾਲ ਗੱਲ ਕੀਤੀ ਅਤੇ ਕਿਹਾ ਕਿ ਇਹ ਆਗੂ ਵੀ ਟਿਕਟ ਦੀ ਦੌੜ ਵਿੱਚ ਹੈ। ਜਿਸ ਤੋਂ ਬਾਅਦ ਦਾਮਨ ਬਾਜਵਾ ਨੇ ਕਿਹਾ ਕਿ ਉਸਨੂੰ ਇਹ ਸਪਸ਼ਟ ਹੋ ਗਿਆ ਕਿ ਪ੍ਰਸ਼ਾਂਤ ਕਿਸ਼ੋਰ ਦੇ ਨਾਂਅ ’ਤੇ ਕੋਈ ਫ਼ਰਾਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦਾਮਨ ਬਾਜਵਾ ਨੇ ਇਕ ਕਾਲ ਦੀ ਰਿਕਾਰਡਿੰਗ ਅਤੇ ਕੁਝ ਸਕਰੀਨ ਸ਼ਾਟਸ ਵੀ ਪੁਲਿਸ ਨੂੰ ਦਿੱਤੇ ਹਨ।
ਦਾਮਨ ਬਾਜਵਾ ਅਨੁਸਾਰ ਉਸ ਨੂੰ ਕਿਹਾ ਗਿਆ ਕਿ ਉਹ 7 ਲੱਖ ਰੁਪਏ ਜਲੰਧਰ ਭੇਜ ਦੇਵੇ, ਜਿਸ ’ਤੇ ਉਸ ਨੂੰ ਸਪਸ਼ਟ ਹੋ ਗਿਆ ਕਿ ਇਹ ਕੋਈ ਫ਼ਰਾਡ ਹੈ ਅਤੇ ਪੰਜਾਬ ਵਿੱਚ ਸਰਗਰਮ ਕਿਸੇ ਗੈਂਗ ਵੱਲੋਂ ਉਨ੍ਹਾਂ ਨਾਲ ਧੋਖ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਾਮਨ ਬਾਜਵਾ ਵੱਲੋਂ ਹੁਣ ਉਕਤ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਦਾਮਨ ਬਾਜਵਾ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਆਰੰਭੇ ਜਾਣ ਮਗਰੋਂ ਜਦ ਆਈਆਂ ਕਾਲਾਂ ਵਾਲੇ ਨੰਬਰਾਂ ’ਤੇ ਵਾਪਸ ਕਾਲਾਂ ਕੀਤੀਆਂ ਗਈਆਂ ਤਾਂ ਕਥਿਤ ਫ਼ਰਾਡੀਆਂ ਨੇ ਇਹ ਨੰਬਰ ਬੰਦ ਕਰ ਲਏ ਹਨ।
ਹੇਠ ਪੜ੍ਹੋ ਦਾਮਨ ਬਾਜਵਾ ਵੱਲੋਂ ਡੀ.ਜੀ.ਪੀ ਪੰਜਾਬ ਨੂੰ ਦਿੱਤੀ ਗਈ ਸ਼ਿਕਾਇਤ: