ਮਲੋਟ: ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ, ਆੜ੍ਹਤੀਏ ਖ਼ਿਲਾਫ਼ ਮਾਮਲਾ ਦਰਜ
ਰਾਜਵੰਤ ਸਿੰਘ
ਮਲੋਟ, 4 ਮਈ 2021-ਇਸ ਖੇਤਰ ਦੇ ਪਿੰਡ ਭਗਵਾਨਪੁਰਾ ’ਚ ਇੱਕ ਕਿਸਾਨ ਵੱਲੋਂ ਆਪਣੇ ਆਪ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤਹਿਤ ਮਲੋਟ ਸਦਰ ਪੁਲਿਸ ਨੇ ਮਿ੍ਰਤਕ ਦੇ ਪੁੱਤਰ ਦੇ ਬਿਆਨਾਂ ’ਤੇ ਇੱਕ ਆੜ੍ਹਤੀਏ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਿਸ ਕੋਲ ਦਰਜ ਕਰਾਈ ਸ਼ਿਕਾਇਤ ’ਚ ਮਿ੍ਰਤਕ ਕਿਸਾਨ ਸੁਖਪਾਲ ਸਿੰਘ ਦੇ ਪੁੱਤਰ ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਖੇਤੀ ਦਾ ਧੰਦਾ ਕਰਦੇ ਹਨ ਤੇ ਉਸਦੇ ਪਿਤਾ ਨੇ ਸ਼ਹਿਰ ਦੇ ਅਮਿਤ ਕੁਮਾਰ ਅੰਬੂ ਨਾਮੀ ਆੜ੍ਹਤੀਏ ਤੋਂ ਤਿੰਨ ਸਾਲ ਪਹਿਲਾਂ ਕਰੀਬ 8 ਲੱਖ 50 ਹਜ਼ਾਰ ਦਾ ਕਰਜ਼ ਲਿਆ ਸੀ, ਜਿਸ ਵਿੱਚੋਂ 1 ਲੱਖ 50 ਹਜ਼ਾਰ ਰੁਪਏ ਉਨਾਂ ਵਾਪਿਸ ਕਰ ਦਿੱਤੇ ਸਨ, ਪਰ ਆੜ੍ਹਤੀਏ ਵੱਲੋਂ ਬਾਕੀ ਪੈਸਿਆਂ ਲਈ ਉਸਦੇ ਪਿਤਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਪਰੇਸ਼ਾਨੀ ’ਚ ਆਉਂਦਿਆਂ ਉਸਦੇ ਪਿਤਾ ਸੁਖਪਾਲ ਸਿੰਘ ਨੇ ਆਪਣੇ ਘਰ ’ਚ ਪਈ 32 ਬੋਰ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ, ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਉਧਰ ਥਾਣਾ ਸਦਰ ਮਲੋਟ ਪੁਲਿਸ ਨੇ ਬਿਆਨਾਂ ਤੋਂ ਬਾਅਦ ਆੜ੍ਹਤੀਏ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।