5 ਮਈ ਨੂੰ ਵੱਡੇ ਪੱਧਰ ’ਤੇ ਪ੍ਰਦਰਸ਼ਨ ਦੀ ਚੇਤਾਵਨੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 4 ਮਈ 2021-ਪੰਜਾਬ ਸਰਕਾਰ ਵੱਲੋਂ ਸੂਬੇ ਭਰ ਅੰਦਰ ਲਾਗੂ ਕੀਤੇ ਗਏ ਮਿੰਨੀ ਲਾਕਡਾਊਨ ਤੋਂ ਸਤਾਏ ਅੱਜ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਸਮੂਹ ਦੁਕਾਨਾਂ ਖੁੱਲਵਾਉਣ ਦੀ ਮੰਗ ਕੀਤੀ। ਦੁਕਾਨਦਾਰਾਂ ਨੇ ਇਕੱਠ ਕਰਕੇ ਇੱਕ ਅਵਾਜ਼ ’ਚ ਕਿਹਾ ਕਿ ਉਹ ਪਹਿਲਾਂ ਹੀ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ, ਪਰ ਹੁਣ ਸਰਕਾਰ ਨੇ ਰਾਹਤ ਦੇਣ ਦੀ ਬਜਾਏ ਦੁਕਾਨਾਂ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ, ਜਿਸਨੂੰ ਹਰਗਿਜ਼ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ।
ਦੁਕਾਨਦਾਰ ਸੰਜੀਵ ਧੂੜੀਆ, ਤਨਵੀਨ ਮੱਕੜ, ਤਿਲਕ ਰਾਜ, ਸੰਨੀ ਕੁਮਾਰ, ਸੰਜੀਵ ਦਾਬੜਾ, ਜੌਲੀ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਸਮੂਹ ਦੁਕਾਨਾਂ ਸਵੇਰੇ 9 ਤੋਂ ਸ਼ਾਮ 5 ਤੱਕ ਖੁੱਲਵਾਈਆਂ ਜਾਣ ਤਾਂ ਜੋ ਦੁਕਾਨਦਾਰ ਆਪਣਾ ਗੁਜ਼ਾਰਾ ਕਰ ਸਕਣ। ਦੁਕਾਨਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ 5 ਮਈ ਨੂੰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।