ਸਰਕਾਰ ਅਤੇ ਸਬੰਧਿਤ ਵਿਭਾਗ ਦੀ ਵੱਡੀ ਅਣਗਹਿਲੀ ਤੇ ਲਾਪਰਵਾਹੀ ਦਾ ਨਤੀਜਾ-ਹਰਗੋਬਿੰਦ ਕੌਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਈ 2021-ਆਂਗਣਵਾੜੀ ਸੈਂਟਰਾਂ ’ਚ ਭਾਵੇਂ ਦੇਰੀ ਨਾਲ ਹੀ ਸਹੀ, ਆਖ਼ਰ ਸਰਕਾਰ ਨੇ ਖੰਡ ਦੀਆਂ ਬੋਰੀਆਂ ਭੇਜਣੀਆਂ ਲਾਜ਼ਮੀ ਤਾਂ ਸਮਝੀਆਂ, ਪਰ ਇਸ ਵਾਰ ਦੀ ਸਰਕਾਰ ਦੀ ਲਾਪਰਵਾਹੀ ਸਾਹਮਣੇ ਆਈ ਹੈ, ਉਹ ਇਹ ਕਿ ਖੇਤਰ ਦੇ ਕਈ ਆਂਗਣਵਾੜੀ ਸੈਂਟਰਾਂ ’ਚ ਪੁੱਜੀ ਖੰਡ ਭਿੱਜੀ ਹੋਈ ਨਿਕਲੀ ਹੈ। ਖੰਡ ਇਸ ਕਦਰ ਸੈਲਾਬੀ ਹੋਈ ਹੈ ਕਿ ਉਸਦਾ ਪ੍ਰਯੋਗ ਕਰਨਾ ਇਸ ਸਮੇਂ ਠੀਕ ਨਹੀਂ ਹੈ।
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਆਈ.ਸੀ. ਡੀ. ਐਸ ਸਕੀਮ ਅਧੀਨ ਚਲਾਏ ਜਾ ਰਹੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਜੋ ਰਾਸ਼ਨ ਲਾਭਪਾਤਰੀਆਂ ਲਈ ਭੇਜਿਆ ਜਾ ਰਿਹਾ ਹੈ, ਉਹ ਸਮਾਨ ਚੰਗੀ ਕੁਆਲਿਟੀ ਦਾ ਨਾ ਹੋਣ ਕਰਕੇ ਜਿੱਥੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪ੍ਰੇਸ਼ਾਨ ਹਨ, ਉਥੇ ਗਰੀਬਾਂ ਦੇ ਬੱਚਿਆਂ ਅਤੇ ਗਰੀਬਾਂ ਦੀਆਂ ਔਰਤਾਂ ਨਾਲ ਖਿਲਵਾੜ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਤਾਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਸਬੰਧਿਤ ਵਿਭਾਗ ਵੱਲੋਂ ਖੰਡ ਭੇਜੀ ਹੀ ਨਹੀਂ ਗਈ ਸੀ ਤੇ ਬਾਕੀ ਰਾਸ਼ਨ ਸੁੱਕਾ ਦੁੱਧ , ਕਣਕ, ਚਾਵਲ ਤੇ ਘਿਉ ਆਦਿ ਭੇਜਿਆ ਗਿਆ ਸੀ, ਪਰ ਹੁਣ ਲਗਭਗ ਦੋ ਮਹੀਨਿਆਂ ਬਾਅਦ ਖੰਡ ਦੀ ਸਪਲਾਈ ਭੇਜੀ ਗਈ ਹੈ, ਪਰ ਜਿਉਂ ਹੀ ਜ਼ਿਲੇ ਤਹਿਤ ਆਉਂਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰਾਂ ਵਿੱਚ ਆਂਗਣਵਾੜੀ ਵਰਕਰ ਹਰਗੋਬਿੰਦ ਕੌਰ, ਜੋ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਵੀ ਹਨ, ਤੇ ਹੋਰ ਸਟਾਫ ਨੇ ਖੰਡ ਦੀਆਂ ਬੋਰੀਆਂ ਨੂੰ ਖੋਲਕੇ ਵੇਖਿਆ ਤਾਂ ਪਤਾ ਲੱਗਾ ਕਿ ਖੰਡ ਬੇਹੱਦ ਖਰਾਬ ਸੀ। ਖੰਡ ਗਿੱਲੀ ਸੀ ਤੇ ਡਲੇ ਬੱਝੇ ਪਏ ਸਨ।
ਇਸ ਤੋਂ ਇਲਾਵਾ ਪਿੰਡ ਕੋਟਲੀ ਸੰਘਰ ਵਿਖੇ ਆਂਗਣਵਾੜੀ ਵਰਕਰ ਨਰਿੰਦਰ ਕੌਰ ਦੇ ਸੈਂਟਰ, ਪਿੰਡ ਜੰਮੂਆਣਾ ਵਿਖੇ ਚਰਨਜੀਤ ਕੌਰ ਦੇ ਸੈਂਟਰ ਵਿੱਚ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਂਗਣਵਾੜੀ ਵਰਕਰ ਚਰਨਜੀਤ ਕੌਰ ਦੇ ਸੈਂਟਰ ਵਿੱਚ ਵੀ ਬੇਹੱਦ ਮਾੜੀ ਤੇ ਪਾਣੀ ਨਾਲ ਭਿੱਜੀ ਹੋਈ ਖੰਡ ਪੁੱਜਣ ਦੀਆਂ ਸੂਚਨਾਵਾਂ ਮਿਲੀਆਂ ਹਨ। ਪਿੰਡ ਰੋੜਾਂਵਾਲਾ ਦੇ ਤਿੰਨ ਆਂਗਣਵਾੜੀ ਸੈਂਟਰਾਂ ਤੋਂ ਇਲਾਵਾ ਸਦਰਵਾਲਾ, ਡੋਡਾਵਾਲੀ, ਬਧਾਈ , ਝਬੇਲਵਾਲੀ ਤੇ ਬਰੀਵਾਲਾ ਦੇ ਸੈਂਟਰਾਂ ਵਿੱਚ ਵੀ ਖਰਾਬ ਖੰਡ ਆਈ ਹੈ। ਜੇਕਰ ਵੇਖਿਆ ਜਾਵੇ ਤਾਂ ਇਹ ਵਿਭਾਗ ਦੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਤੇ ਅਣਗਹਿਲੀ ਦਾ ਨਤੀਜਾ ਹੈ।
ਕੀ ਕਹਿਣਾ ਹੈ ਯੂਨੀਅਨ ਦੀ ਪ੍ਰਧਾਨ ਦਾ
ਆਂਗਣਵਾੜੀ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਸ ਖੰਡ ਨੂੰ ਸੀ.ਡੀ. ਪੀ. ਓ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਈ ਨੂੰ ਦੋ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ,ਇਸ ਲਈ ਮੈਂ ਜ਼ਿਲਾ ਪ੍ਰੋਗਰਾਮ ਅਫਸਰ ਰਤਨਦੀਪ ਕੌਰ ਸੰਧੂ ਨੂੰ ਦੋ-ਤਿੰਨ ਵਾਰ ਫੋਨ ਕੀਤਾ ਕਿ ਤੁਸੀਂ ਸਾਨੂੰ ਸੁੱਕਾ ਦੁੱਧ, ਚਾਵਲ , ਕਣਕ , ਘਿਉ ਦੇ ਚੁੱਕੇ ਹੋ, ਪਰ ਖੰਡ ਕਿਉਂ ਨਹੀਂ ਦੇ ਰਹੇ । ਖੰਡ ਨਾ ਮਿਲਣ ਕਰਕੇ ਸਾਡਾ ਉਪਰੋਕਤ ਰਾਸ਼ਨ ਵੀ ਬਣ ਨਹੀਂ ਰਿਹਾ, ਕਿਉਂਕਿ ਖੰਡ ਤੋਂ ਬਿਨਾਂ ਕੋਈ ਵੀ ਖੁਰਾਕ ਤਿਆਰ ਨਹੀਂ ਹੁੰਦੀ ਤਾਂ ਮੈਡਮ ਨੇ ਜਵਾਬ ਦਿੱਤਾ ਕਿ ਖੰਡ ਖਰਾਬ ਹੈ। ਅਸੀਂ ਇਹ ਖੰਡ ਬਦਲ ਕੇ ਤੁਹਾਨੂੰ ਚੰਗੀ ਕੁਆਲਿਟੀ ਦੀ ਖੰਡ ਦੇਵਾਂਗੇ, ਪਰ ਹੁਣ ਦੋ ਮਹੀਨੇ ਬਾਅਦ ਉਹੀ ਖੰਡ ਜੋ ਹੋਰ ਵੀ ਖਰਾਬ ਹੋ ਗਈ, ਸਾਨੂੰ ਸੈਂਟਰ ਵਿੱਚ ਸਪਲਾਈ ਕਰ ਦਿੱਤੀ ਗਈ ਹੈ। ਹੁਣ ਮੈਂ ਇਸ ਸਬੰਧੀ ਜ਼ਿਲਾ ਪ੍ਰੋਗਰਾਮ ਅਫਸਰ ਅਤੇ ਸੀ. ਡੀ. ਪੀ. ਓ ਸ੍ਰੀ ਮੁਕਤਸਰ ਸਾਹਿਬ ਪੰਕਜ ਕੁਮਾਰ ਨੂੰ ਮੈਸੇਜ ਕਰਕੇ ਦੱਸਿਆ ਕਿ ਖੰਡ ਖਰਾਬ ਹੈ, ਪਰ ਉਨਾਂ ਨੇ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਬਾਅਦ ਵਿੱਚ ਇਸ ਦੀ ਸੂਚਨਾ ਵਿਭਾਗ ਦੀ ਡਾਇਰੈਕਟਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜਦ ਅਜਿਹੀ ਖੰਡ ਲਾਭਪਾਤਰੀਆਂ ਨੂੰ ਵੰਡੀ ਜਾਵੇਗੀ ਤਾਂ ਰੌਲਾ ਹੀ ਪਵੇਗਾ। ਸਰਕਾਰ ਚੰਗੀ ਕੁਆਲਿਟੀ ਦਾ ਸਮਾਨ ਮੁਹੱਈਆ ਕਰਵਾਏ।
ਕੁਝ ਕੁ ਬੋਰੀਆਂ ਖੰਡ ਖਰਾਬ ਆ ਗਈ ਸੀ-ਸੀ. ਡੀ. ਪੀ.ਓ
ਜਦੋਂ ਸੀ. ਡੀ. ਪੀ. ਓ ਸ੍ਰੀ ਮੁਕਤਸਰ ਸਾਹਿਬ ਪੰਕਜ ਕੁਮਾਰ ਦਾ ਪੱਖ ਜਾਨਣਾ ਚਾਹਿਆ ਤਾਂ ਉਨਾਂ ਦਾ ਕਹਿਣਾ ਸੀ ਕਿ ਕੁੱਝ ਕੁ ਬੋਰੀਆਂ ਖੰਡ ਦੀਆਂ ਖਰਾਬ ਆ ਗਈਆਂ ਸਨ ਤੇ ਜਿੰਨਾਂ ਸੈਂਟਰਾਂ ਵਿੱਚ ਵੀ ਇਹ ਖੰਡ ਭੇਜੀ ਗਈ ਹੈ, ਉਥੋਂ ਵਾਪਸ ਲਿਆ ਕੇ ਹੋਰ ਖੰਡ ਸਪਲਾਈ ਕੀਤੀ ਜਾਵੇਗੀ।