ਮੁਕਤਸਰ: ਤਿੰਨ ਸ਼ਹਿਰਾਂ ਦੇ ਵਪਾਰੀ ਡੀਸੀ ਨੂੰ ਮਿਲੇ, ਸਮੂਹ ਦੁਕਾਨਾਂ ਖੋਲਣ ਦੀ ਕੀਤੀ ਫਰਿਆਦ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਈ 2021-ਮਿੰਨੀ ਲਾਕਡਾਊਨ ਦੇ ਚੱਲਦਿਆਂ ਜ਼ਿਲੇ ਅੰਦਰ ਪ੍ਰਸਾਸ਼ਨ ਵੱਲੋਂ ਦੁਕਾਨਾਂ ਬੰਦ ਕਰਾਉਣ ਦੇ ਆਦੇਸ਼ ਤੋਂ ਖਫ਼ਾ ਅੱਜ ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ ਤੋਂ ਅਹੁਦੇਦਾਰ ਤੇ ਮੈਂਬਰ ਸ਼ਾਮਲ ਸਨ। ਕੋਵਿਡ-19 ਹਦਾਇਤਾਂ ਦੀ ਪਾਲਣਾ ਤਹਿਤ ਹੋਈ ਮੀਟਿੰਗ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਨੇ ਡੀਸੀ ਦੇ ਧਿਆਨ ’ਚ ਲਿਆਂਦਾ ਕਿ ਕੋਵਿਡ ਕਾਰਨ ਲਾਗੂ ਮਿੰਨੀ ਲਾਕਡਾਊਨ ਕਰਕੇ ਕਈ ਦੁਕਾਨਾਂ ਨਹੀਂ ਖੋਲੀਆਂ ਜਾ ਰਹੀਆਂ, ਜਿਸ ਕਰਕੇ ਦੁਕਾਨਦਾਰ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ।
ਉਨਾਂ ਕਿਹਾ ਕਿ ਦੁਕਾਨਦਾਰ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਲਈ ਤਿਆਰ ਹਨ, ਪਰ ਪ੍ਰਸਾਸ਼ਨ ਵੱਲੋਂ ਦੁਕਾਨਾਂ ਖੋਲਣ ਤੋਂ ਰੋਕਿਆ ਜਾ ਰਿਹਾ ਹੈ। ਅਹੁਦੇਦਾਰਾਂ ਨੇ ਮੰਗ ਕੀਤੀ ਕਿ ਜ਼ਿਲੇ ਅੰਦਰ ਸਮੂਹ ਦੁਕਾਨਾਂ ਖੋਲਣ ਦੀ ਇਜ਼ਾਜਤ ਦਿੱਤੀ ਜਾਵੇ। ਇਸ ਮੌਕੇ ਉਕਤ ਮੰਗ ਤਹਿਤ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ’ਤੇ ਡੀਸੀ ਵੱਲੋਂ ਗੌਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਡੀਆਰ ਤਨੇਜਾ, ਮੁਨੀਸ਼ ਅਗਰਵਾਲ, ਮੁਨੀਸ਼ ਅਗਰਵਾਲ, ਅਸ਼ਵਨੀ ਗਿਰਧਰ, ਸੰਜੀਵ ਧੂੜੀਆ, ਮਲੋਟ ਤੋਂ ਨਰ ਸਿੰਘ ਚਲਾਣਾ, ਪ੍ਰਵੀਨ ਮੱਕੜ, ਜੱਗਾ ਜੀ, ਭਗਵਾਨ ਦਾਸ ਅਹੂਜਾ, ਅਸ਼ਵਨੀ ਗਰਗ, ਮੇਜਰ ਸਿੰਘ ਢਿੱਲੋਂ, ਅਜੇ ਕੁਮਾਰ, ਰਾਜ ਕੁਮਾਰ ਮਦਾਨ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।