ਪੰਜਾਬੀ ਕਵਿੱਤਰੀ ਪਰਮਿੰਦਰ ਸਵੈਚ ਦੀ ਕਵਿਤਾ “ਮੋਹ-ਭਿੱਜੀ ਫੁੱਲਕਾਰ” ਹੁਣ ਬਣੇਗੀ ਸਰੀ ਦੇ ਪਾਰਕਾਂ ਦਾ ਸ਼ਿੰਗਾਰ
ਹਰਦਮ ਮਾਨ
ਸਰੀ, 5 ਮਈ 2021: ਸਰੀ ਦੀ ਪੰਜਾਬੀ ਕਵਿੱਤਰੀ ਅਤੇ ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਜਨਰਲ ਸਕੱਤਰ ਪਰਮਿੰਦਰ ਸਵੈਚ ਨੂੰ ਇਹ ਮਾਣ ਹਾਸਲ ਹੋਇਆ ਹੈ ਕਿ ਉਸ ਦੀ ਕਵਿਤਾ “ਮੋਹ-ਭਿੱਜੀ ਫੁੱਲਕਾਰੀ” ਸਰੀ ਸਿਟੀ ਦੇ ਪ੍ਰੋਜੈਕਟ ‘Call for Poetry’ ਲਈ ਚੁਣੀ ਗਈ ਹੈ ਅਤੇ ਹੁਣ ਇਹ ਕਵਿਤਾ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਸਰੀ ਦੇ ਪਾਰਕਾਂ ਦਾ ਸ਼ਿੰਗਾਰ ਬਣੇਗੀ ਅਤੇ ਸਿਟੀ ਆਫ ਸਰੀ ਦੀ ਵੈਂਬਸਾਈਟ ਉਪਰ ਪੋਸਟ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸਰੀ ਸਿਟੀ ਵੱਲੋਂ ਇਸ ਪ੍ਰੋਜੈਕਟ ਲਈ ਮਾਰਚ ਮਹੀਨੇ ਵਿਚ ਵੱਖ ਵੱਖ ਭਾਸ਼ਾਵਾਂ ਦੇ ਕਵੀਆਂ ਤੋਂ ਕਵਿਤਾਵਾਂ ਦੀ ਮੰਗ ਕੀਤੀ ਗਈ ਸੀ ਅਤੇ ਪਰਮਿੰਦਰ ਸਵੇਚ ਨੇ ਆਪਣੀ ਕਵਿਤਾ ਇਸ ਪ੍ਰੋਜੈਕਟ ਲਈ ਭੇਜੀ ਸੀ। ਇਸ ਬਾਰੇ ਪਰਮਿੰਦਰ ਸਵੈਚ ਨੇ ਦੱਸਿਆ “ ਲਿਖਣਾ ਸੀ ਸਰੀ ਸ਼ਹਿਰ ਬਾਰੇ ਤਾਂ ਮੈਨੂੰ ਇੱਕਦਮ ਜਦੋਂ ਮੈਂ ਇਕੱਤੀ ਸਾਲ ਪਹਿਲਾਂ ਇੱਥੇ ਆਈ, ਕਿਉਂ ਆਈ ਤੇ ਕੀ ਮਹਿਸੂਸ ਕੀਤਾ ਜਾਂ ਕੋਈ ਵੀ ਇੰਮੀਗਰਾਂਟ ਇੱਥੇ ਆਉਂਦਾ ਹੈ ਤੇ ਕਿਉਂ ਇੱਥੇ ਦਾ ਬਣ ਕੇ ਰਹਿ ਜਾਂਦਾ ਹੈ? ਇਸ ਬਾਰੇ ਆਪਣੇ ਵਿਚਾਰ ਕੁੱਝ ਸਤਰਾਂ ਵਿਚ ਲਿਖ ਦਿੱਤੇ। ਪਿਛਲੇ ਹਫ਼ਤੇ ਸਿਟੀ ਤੋਂ ਫ਼ੋਨ ਆਇਆ ਕਿ ਮੇਰੀ ਕਵਿਤਾ ਚੁਣੀ ਗਈ ਹੈ ਜੋ ਹੁਣ ਸਿਟੀ ਦੇ ਕਿਸੇ ਪਾਰਕ ਵਿੱਚ ਤੇ ਸਿਟੀ ਦੀ ਵੈੱਬ ਸਾਈਟ ਤੇ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਲਾਈ ਜਾਵੇਗੀ”।
ਉਸ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਇਸ ਕੈਨੇਡਾ ਦੇਸ਼ ਵਿਚ ਸਾਰੀਆਂ ਭਾਸ਼ਾਵਾਂ ਦੀ ਕਦਰ ਕੀਤੀ ਜਾਂਦੀ ਹੈ। ਇਸ ਦੌਰਾਨ ਉਸ ਨੇ ਕੈਨੇਡਾ ਵਸਦੇ ਸਾਰੇ ਪੰਜਾਬੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਓ ਤਾਂ ਕਿ ਆਪਾਂ ਇਸ ਸਮਾਜ ਵਿੱਚ ਥੋੜ੍ਹੀ ਜਿੰਨੀ ਨਹੀਂ ਵੱਡੀ ਥਾਂ ਲੈ ਸਕੀਏ ਅਤੇ ਵੱਡੀਆਂ ਖੁਸ਼ੀਆਂ ਹਾਸਲ ਕਰ ਸਕੀਏ
ਪਰਮਿੰਦਰ ਸਵੈਚ ਦੀ ਚੁਣੀ ਗਈ ਕਵਿੰਤਾ ਦੀਆਂ ਕੁਝ ਸਤਰਾਂ-
*ਮੋਹ-ਭਿੱਜੀ ਫੁਲਕਾਰੀ*
ਮੇਰਾ ਇੱਥੇ ਵਸਣਾ, ਮਹਿਜ਼ ਇਤਫ਼ਾਕ ਨਹੀਂ ਸੀ
ਖਿੱਚ ਲਿਆਈਆਂ ਸਨ ਕੁੱਝ ਮਜ਼ਬੂਰ ਤੰਦਾਂ
ਭਵਿੱਖਤ ਸੁਪਨੇ, ਰੁਜ਼ਗਾਰ, ਬਿਹਤਰ ਜ਼ਿੰਦਗੀ
ਜਦੋਂ ਜੜੋਂ ਵਿਹੂਣੀ ਟੁੱਟਣ ਲੱਗੀ ਤਾਂ
ਮੇਰੇ ਸ਼ਹਿਰ ਦੇ ਬਹੁ-ਸਭਿਆਚਾਰੀ
ਬੇਸ਼-ਕੀਮਤੀ, ਬਹੁ-ਰੰਗੀ ਤੰਦਾਂ ਨੇ
ਲਪੇਟ ਲਿਆ ਮੋਹ-ਭਿੱਜੀ ਫੁੱਲਕਾਰੀ ਵਿੱਚ
ਤੇ ਮੈਂ ਸਦਾ ਲਈ ਇੱਥੋਂ ਦੀ ਹੋ ਗਈ।
ਫੋਨ: +1 604 308 6663
ਈਮੇਲ : maanbabushahi@gmail.com