ਹਰਸਿਮਰਤ ਬਾਦਲ ਵੱਲੋਂ ਆਕਸੀਜਨ ਸਪਲਾਈ ਲਈ ਮੁੱਖ ਮੰਤਰੀ ਨੂੰ ਅਪੀਲ, ਕੇਂਦਰ ਨੂੰ ਕੀਤੇ ਤਿੱਖੇ ਸਵਾਲ, ਪੜ੍ਹੋ ਪੂਰੀ ਖ਼ਬਰ..
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਮਈ 2021-ਪੰਜਾਬ ਅੰਦਰ ਵੱਧ ਰਹੇ ਕੋਰੋਨਾ ਪ੍ਰਕੋਪ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਕਸੀਜਨ ਸਪਲਾਈ ’ਚ ਮਦਦ ਦੀ ਅਪੀਲ ਕੀਤੀ ਹੈ, ਉਥੇ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਹਰਸਿਮਰਤ ਕੌਰ ਬਾਦਲ ਨੇ ਐਲਾਨ ਕੀਤਾ ਹੈ ਕਿ ਐਚ.ਐਮ.ਈ ਐਲ ਰਿਫ਼ਾਇਨਰੀ ਵੱਲੋਂ ਏਮਜ਼ ਬਠਿੰਡਾ ਅਤੇ ਖੇਤਰ ਦੇ ਹੋਰ ਹਸਪਤਾਲਾਂ ਵਿੱਚ ਕੋਰੋਨਾ ਸੰਕਟ ਦੇ ਕਾਬੂ ਲਈ ਵਿਕਸਤ ਕੀਤੇ ਜਾ ਰਹੇ ਨਵੇਂਂ 100 ਬਿਸਤਰਿਆਂ ਵਾਲੇ ਕੋਵਿਡ ਇਲਾਜ਼ ਕੇਂਦਰ ਆਕਸੀਜਨ (ਓ 2) ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਏਮਜ਼ ਵੱਲੋਂ ਪਹਿਲਾਂ ਹੀ ਕੋਰੋਨਾ ਮਰੀਜ਼ਾਂ ਲਈ 100 ਬਿਸਤਰਿਆਂ ਦੀ ਸਿਹਤ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਅਗਲੇ ਪੜਾਅ ਵਿੱਚ ਇਸ ਦੀ ਗਿਣਤੀ ’ਚ ਹੋਰ ਵਾਧਾ ਕੀਤਾ ਜਾਵੇਗਾ।
ਬੀਬਾ ਬਾਦਲ ਨੇ ਕਿਹਾ ਹੈ ਕਿ ਮੈਂ ਆਪਣੇ ਐਮ.ਪੀ ਲੈਡ ਫੰਡ ਵਿੱਚੋਂ ਕੋਰੋਨਾ ਮਰੀਜ਼ਾਂ ਲਈ ਹੋਰ ਸਹੂਲਤਾਂ ਮੁਹੱਈਆ ਕਰਾਉਣ ਲਈ ਪੂਰੀ ਮਦਦ ਕਰਾਂਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਏਮਜ਼ ਬਠਿੰਡਾ ਦੀ ਸਹਾਇਤਾ ਕਰਨ ਅਤੇ ਹੋਰ 200-300 ਸਿਲੰਡਰ ਹਾਸਲ ਕਰਨ ਲਈ ਮੱਦਦ ਮੁਹੱਈਆ ਕਰਾਵਾਉਣ।
ਜ਼ਿਕਰਯੋਗ ਹੈ ਕਿ ਕੱਲ੍ਹ ਵੀ ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੌਰਾਨ ਸੇਵਾ ਨਿਭਾ ਰਹੀਆਂ ਮਲੋਟ ਦੀਆਂ ਸਮਾਜ ਸੈਵੀ ਸੰਸਥਾਵਾਂ ਅਤੇ ਏਮਜ਼ ਦੇ ਨਿਰਦੇਸ਼ਕ ਨਾਲ ਆਨਲਾਈਨ ਮੀਟਿੰਗ ਕੀਤੀ ਸੀ ਅਤੇ ਭਰੋਸਾ ਦਿੱਤਾ ਸੀ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਬਠਿੰਡਾ ਡੀ.ਸੀ ਨੂੰ ਨਿਰਦੇਸ਼ ਦਿੱਤੇ ਕਿ ਇਸ ਮੰਤਵ ਲਈ ਮੇਰੇ ਐਮ.ਪੀ ਲੈਡ ਫੰਡ ਦੀ ਵਰਤੋਂ ਕੀਤੀ ਜਾਵੇ।
ਕੇਂਦਰ ਸਰਕਾਰ ਨੂੰ ਲਿਆ ਨਿਸ਼ਾਨੇ ’ਤੇ, ਕੀਤੇ 5 ਸਵਾਲ
ਕੋਰੋਨਾ ਪ੍ਰਬੰਧਾਂ ਵਿੱਚ ਕਮੀਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਿਆਨਾਂ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ ’ਤੇ ਅੱਜ ਕੇਂਦਰ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਆਪਣੇ ਫੇਸਬੁੱਕ ਪੇਜ਼ ’ਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਪੰਜ ਸਵਾਲ ਕੀਤੇ ਹਨ, ਜੋ ਇਸ ਪ੍ਰਕਾਰ ਹਨ:-
1 . ਕੋਰੋਨਾ ਦੇ ਦੂਜੇ ਦੌਰ ਬਾਰੇ ਅਗਾਊਂ ਪ੍ਰਬੰਧ ਕਿਉਂ ਨਾ ਕੀਤੇ ਗਏ?
2. ਦੇਸ਼ ’ਚ ਚੋਣਾਂ ਮੁਲਤਵੀ ਕਿਉਂ ਨਾ ਕੀਤੀਆਂ ਗਈਆਂ ?
3. ਆਕਸੀਜਨ ਅਤੇ ਵੈਕਸੀਨ ਦਾ ਪੂਰਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ?
4. ਦੇਸ਼ ਅੰਦਰ ਦਵਾਈਆਂ ਅਤੇ ਟੀਕਿਆਂ ਦੀ ਕਾਲਾਬਜ਼ਾਰੀ ਦਾ ਦੋਸ਼ੀ ਕੌਣ ਹੈ?
5. ਕਿੱਥੇ ਹਨ ਆਈ.ਸੀ. ਯੂ , ਬੈਡ ਅਤੇ ਹਸਪਤਾਲ?