ਕੈਨੇਡਾ ਪੱਕੇ ਹੋਣ ਲਈ 20 ਹਜ਼ਾਰ ਵਿਦਿਆਰਥੀਆਂ ਨੇ ਭਰੀਆਂ ਅਰਜ਼ੀਆਂ
ਨਵੇਂ ਪ੍ਰੋਗਰਾਮ ਤਹਿਤ ਕੈਨੇਡਾ 90000 ਵਿਅਕਤੀਆਂ ਨੂੰ ਕਰਨਾ ਹੈ ਪੱਕਾ
ਕਮਲਜੀਤ ਬੁੱਟਰ
ਕੈਲਗਰੀ, 7 ਮਈ 2021 : ਕੇਂਦਰ ਸਰਕਾਰ ਵੱਲੋਂ ਬੀਤੇ ਵੀਰਵਾਰ ਤੋਂ 90,000 ਵਿਅਕਤੀਆਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਦਿੱਤੇ ਜਾਣ ਵਾਸਤੇ ਐਲਾਨੇ ਗਏ ਨਿਉ ਪੈਥਵੇਅ ਟੁ ਪਰਮਾਨੈਂਟ ਰੈਜ਼ਿਡੈਂਸੀ ਪ੍ਰੋਗਰਾਮ ‘ਚ ਦਰਖਾਸਤਾਂ ਦੇਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੇ ਲੱਗਪਗ ਅੱਧੀ ਸੰਖਿਆ ਵਿੱਚ ਆਪੋ ਆਪਣੀਆਂ ਦਰਖਾਸਤਾਂ ਪਹਿਲੇ ਹੀ ਦਿਨ ਜਮਾਂ ਕਰਵਾ ਦਿੱਤੀਆਂ ਹਨ।
ਬੀਤੇ ਕੱਲ੍ਹ ਸਵੇਰੇ ਕੈਲਗਰੀ ਸਮੇਂ ਅਨੁਸਾਰ 10 ਵਜੇ ਤੋਂ ਦਰਖਾਸਤਾਂ ਦੇਣ ਦਾ ਕੰਮ ਸ਼ੁਰੂ ਹੋਇਆ ਸੀ ਤੇ ਪਹਿਲੇ 45 ਮਿੰਟ ਵਿੱਚ ਹੀ 7000 ਦਰਖਾਸਤਾਂ ਜਮ੍ਹਾਂ ਹੋ ਗਈਆਂ ਸਨ। ਦੇਰ ਰਾਤ ਤੱਕ 20 ਹਜ਼ਾਰ ਦੇ ਕਰੀਬ ਇੰਟਰਨੈਸ਼ਨਲ ਸਟੁਡੇਂਟਸ ਨੇ ਆਪੋ ਆਪਣੀਆਂ ਐਪਲਿਕੇਸ਼ਨਜ਼ ਜਮ੍ਹਾਂ ਕਰਵਾ ਦਿੱਤੀਆਂ ਦੱਸੀਆਂ ਜਾ ਰਹੀਆਂ ਹਨ। ਇਸ ਵਾਸਤੇ ਫੀਸ ਜਮ੍ਹਾਂ ਕਰਵਾਉਣ ਵਿੱਚ ਕਈ ਵਿਅਕਤੀਆਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਦੱਸਿਆ ਜਾਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਈ ਕੰਮ ਮਾਲਕਾਂ ਨੇ ਜੌਬ ਲੈਟਰ ਦੇਣ ਬਦਲੇ ਵਿਦਿਆਰਥੀਆਂ ਤੋਂ 2 ਤੋਂ ਢਾਈ ਹਜ਼ਾਰ ਡਾਲਰ ਵਸੂਲ ਕੀਤੇ ਅਤੇ ਕਈ ਫੋਟੋਗ੍ਰੈਫ਼ਰਜ਼ ਨੇ ਫੋਟੋ ਖਿੱਚ੍ਹਣ ਲਈ ਨਿਰਧਾਰਤ ਰਕਮ ਤੋਂ ਕਿਤੇ ਜ਼ਿਆਦਾ ਰਕਮ ਵਸੂਲ ਕੀਤੀ ਦੱਸੀ ਜਾਂਦੀ ਹੈ। ਇਸ ਪ੍ਰੋਗਰਾਮ ਵਿੱਚ 40 ਹਜ਼ਾਰ ਇੰਟਰਨੈਸ਼ਨਲ ਸਟੂਡੈਨਟਸ, ਹੈਲਥ ਕੇਅਰ ਵਿੱਚ ਕੰਮ ਕਰ ਰਹੇ 20 ਹਜ਼ਾਰ ਟੈਂਪਰੇਰੀ ਵਰਕਰਜ਼, ਅਤੇ 30 ਹਜ਼ਾਰ ਇਸੈਂਸ਼ਿਅਲ ਔਕਿਉਪੇਸ਼ਨਜ਼ ਵਿੱਚ ਲੱਗੇ ਟੈਂਪਰੇਰੀ ਵਰਕਰਜ਼ ਨੂੰ ਦਰਖਾਸਤਾਂ ਦੇਣ ਨੂੰ ਕਿਹਾ ਗਿਆ ਹੈ।
ਕਮਲਜੀਤ ਬੁੱਟਰ
ਸੀਨੀਅਰ ਰਿਪੋਰਟਰ,ਐਲਬਰਟਾ (ਕੈਨੇਡਾ)
ਫ਼ੋਨ : 403-708-5465
ਈਮੇਲ-kamaljeetsinghbuttar@gmail.com