ਮੁਕਤਸਰ ਦਾ ਇਹ ਪਿੰਡ ਹੈ ਵਧੇਰੇ ਜਾਗਰੂਕ, 500 ਤੋਂ ਜ਼ਿਆਦਾ ਲੋਕ ਲਗਵਾ ਚੁੱਕੇ ਹਨ ਕੋਰੋਨਾ ਟੀਕੇ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਮਈ 2021-ਕਰੋਨਾ ਮਹਾਂਮਾਰੀ ਨੂੰ ਲੈ ਕੇ ਇਸ ਖੇਤਰ ਦੇ ਪਿੰਡ ਭਾਗਸਰ ਦੇ ਲੋਕਾਂ ਵਿੱਚ ਕਾਫੀ ਜਾਗਰੂਕਤਾ ਆਈ ਹੈ ਤੇ ਉਕਤ ਬਿਮਾਰੀ ਤੋਂ ਬਚਾਅ ਲਈ ਆਮ ਲੋਕ ਕਰੋਨਾ ਵੈਕਸੀਨ ਲਗਵਾ ਰਹੇ ਹਨ। ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਪਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ ਦੀ ਧਰਮਸ਼ਾਲਾ ਵਿੱਚ ਕਰੋਨਾ ਵਾਲੇ ਟੀਕੇ ਲਗਵਾਉਣ ਲਈ ਕੈਂਪ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਸਰਕਾਰੀ ਸਿਹਤ ਡਿਸਪੈਂਸਰੀ ਵਿੱਚ ਵੀ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਲੋਕਾਂ ਦੇ ਟੀਕੇ ਲਗਵਾਏ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਇਸ ਪਿੰਡ ਦੇ 500 ਤੋਂ ਵੱਧ ਲੋਕਾਂ ਨੇ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਲੋਕਾਂ ਜਿੰਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਵੀ ਸ਼ਾਮਲ ਹਨ, ਨੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ, ਚੱਕ ਸ਼ੇਰੇਵਾਲਾ ਜਾਂ ਹੋਰਨਾਂ ਥਾਵਾਂ ਤੋਂ ਵੀ ਟੀਕੇ ਲਗਵਾਏ ਹਨ।
ਪਿੰਡ ਦੀ ਸਰਕਾਰੀ ਸਿਹਤ ਡਿਸਪੈਂਸਰੀ ਵਿੱਚ ਪਿੰਡ ਦੇ ਬਹੁਤ ਸਾਰੇ ਲੋਕ ਅਜੇ ਵੀ ਟੀਕਾ ਲਗਵਾਉਣ ਲਈ ਆ ਰਹੇ ਹਨ, ਪਰ ਇਸ ਸਮੇਂ ਵੈਕਸੀਨ ਖਤਮ ਹੋ ਚੁੱਕੀ ਹੈ ਤੇ ਸੋਮਵਾਰ ਤੱਕ ਹੋਰ ਟੀਕੇ ਆਉਣ ਦੀ ਗੱਲ ਵਿਭਾਗ ਵੱਲੋਂ ਕਹੀ ਜਾ ਰਹੀ ਹੈ। ਫ਼ਿਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰਾਂ ਰਾਹੀਂ ਪਿੰਡ ਵਾਸੀਆਂ ਨੂੰ ਟੀਕਾ ਲਗਵਾਉਣ ਬਾਰੇ ਸੂਚਨਾ ਦਿੱਤੀ ਜਾਵੇਗੀ। ਸਿਹਤ ਵਿਭਾਗ ਦੀ ਟੀਮ ਤੋਂ ਇਲਾਵਾ ਆਸ਼ਾ ਵਰਕਰਾਂ ਵੀ ਲੋਕਾਂ ਨੂੰ ਜਾਗਰੂਕ ਕਰਨਗੀਆਂ। ਲੋਕਾਂ ਵਿੱਚ ਕਰੋਨਾ ਵੈਕਸੀਨ ਲਗਵਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅਜੇ ਤੱਕ ਕਰੋਨਾ ਦੀ ਬਿਮਾਰੀ ਦੇ ਨਾਲ ਭਾਗਸਰ ਪਿੰਡ ਵਿੱਚ ਇੱਕ ਵੀ ਮੌਤ ਨਹੀਂ ਹੋਈ ਤੇ ਨਾ ਹੀ ਕੋਈ ਸੀਰੀਅਸ ਮਰੀਜ਼ ਹੈ।