ਸੁਰਜੀਤ ‘ਬਾਬਾ’ ਬਣੇ ਜੈਤੋ ਨਗਰ ਕੌਂਸਲ ਦੇ ਪ੍ਰਧਾਨ ਅਤੇ ਜੀਤੂ ਬਾਂਸਲ ਮੀਤ ਪ੍ਰਧਾਨ
ਮਨਿੰਦਰਜੀਤ ਸਿੱਧੂ
- ਮੁਹੰਮਦ ਸਦੀਕ ਧੜੇ ਵੱਲੋਂ ਮੰਤਰੀ ਭਾਰਤ ਭੂਸ਼ਨ ਆਸ਼ੂ ਉੱਪਰ ਲੋਕਤੰਤਰ ਦੇ ਘਾਣ ਦੇ ਲਾਏ ਦੋਸ਼
ਜੈਤੋ, 7 ਮਈ, 2021 - ਲੰਮੇ ਸਮੇਂ ਤੋਂ ਜੈਤੋ ਦੀ ਪ੍ਰਧਾਨਗੀ ਦਾ ਚੱਲ ਰਿਹਾ ਰੇੜਕਾ ਅੱਜ ਕਾਫੀ ਘਸਮਾਣ ਅਤੇ ਹੱਲੇ ਗੁੱਲੇ ਤੋਂ ਬਾਅਦ ਆਖਿਰ ਨੇਪਰੇ ਚੜ੍ਹ ਗਿਆ। ਜੈਤੋ ਵਿੱਚ ਕਾਂਗਰਸ ਦੇ ਦੋ ਧੜਿਆਂ ਵਿਚਲੇ ਚੱਲ ਰਹੇ ਸੀਤ ਯੁੱਧ ਨੂੰ ਵਿਰਾਮ ਦੇਣ ਲਈ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਜੈਤੋ ਪਹੁੰਚੇ ਅਤੇ ਪਾਰਟੀਆਂ ਦੀ ਰਵਾਇਤ ਮੁਤਾਬਿਕ ਹਾਈਕਮਾਨ ਦੇ ਫੈਸਲੇ ਅਨੁਸਾਰ ਸੁਰਜੀਤ ਸਿੰਘ ਬਾਬਾ ਨੂੰ ਨਗਰ ਕੌਂਸਲ ਜੈਤੋ ਦਾ ਪ੍ਰਧਾਨ, ਸੁਮਨਦੇਵੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਤਿੰਦਰ ਕੁਮਾਰ ਜੀਤੂ ਬਾਂਸਲ ਨੂੰ ਮੀਤ ਪ੍ਰਧਾਨ ਐਲਾਨ ਦਿੱਤਾ।
ਕੈਬਨਿਟ ਮੰਤਰੀ ਭਰਤ ਭੂਸ਼ਨ ਆਸ਼ੂ ਅਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਮੌਜੂਦਗੀ ਵਿੱਚ ਕੋਰੋਨਾ ਸੰਬੰਧੀ ਸਰਕਾਰੀ ਗਾਈਡਲਾਈਨਜ਼ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ। ਉੱਥੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਸੀ ਅਤੇ ਸੋਸ਼ਲ ਡਿਸਟੈਂਸਿੰਗ ਨਾਮ ਦੀ ਕੋਈ ਚੀਜ ਨਹੀਂ ਸੀ।
ਮੰਤਰੀ ਭਾਰਤ ਭੂਸ਼ਨ ਆਸ਼ੂ ਦੁਆਰਾ ਕੀਤੇ ਗਏ ਐਲਾਨ ਤੋਂ ਬਾਅਦ ਕਾਂਗਰਸੀਆਂ ਦੇ ਸਦੀਕ ਧੜੇ ਵੱਲੋਂ ਉਹਨਾਂ ਦੇ ਇਸ ਫੈਸਲੇ ਦਾ ਜਬਰਦਸਤ ਤਰੀਕੇ ਨਾਲ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਲੋਕਤੰਤਰ ਦੀ ਹੱਤਿਆ ਦੱਸਿਆ। ਉੱਥੇ ਮੌਜੂਦ ਅਕਾਲੀ ਦਲ ਦੇ ਕੌਂਸਲਰਾਂ ਅਤੇ ਕੁੱਝ ਅਜਾਦ ਜਿੱਤੇ ਹੋਏ ਕੋਂਸਲਰਾਂ ਨੇ ਵੀ ਇਸ ਫ਼ੈਸਲੇ ਉੱਪਰ ਸਖਤ ਇਤਰਾਜ ਜਤਾਏ।ਪ੍ਰਧਾਨਗੀ ਦੀ ਦੌੜ ਵਿੱਚ ਸੁਰਜੀਤ ਬਾਬਾ ਦੇ ਬਰਾਬਰ ਦੀ ਦਾਅਵੇਦਾਰ ਸੁਮਨ ਦੇਵੀ ਜੋ ਕਿ ਮੁਹੰਮਦ ਸਦੀਕ ਦੇ ਧੜੇ ਨਾਲ ਸੰਬੰਧਤ ਹਨ, ਉਹਨਾਂ ਦਾ ਕਹਿਣਾ ਸੀ ਕਿ ਮੰਤਰੀ ਸਾਹਿਬ ਨੇ ਸਾਡੇ ਤੋਂ ਕੋਈ ਵੋਟ ਨਹੀਂ ਪਵਾਈ, ਕੋਈ ਰਾਏ ਨਹੀਂ ਲਈ, ਸਾਡੇ ਉੱਪਰ ਆਪਣਾ ਫ਼ੈਸਲਾ ਥੋਪਿਆ ਹੈ ਜਿਸ ਨੂੰ ਅਸੀਂ ਕਾਨੂੰਨੀ ਢੰਗ ਨਾਲ ਚੁਣੌਤੀ ਦੇਵਾਂਗੇ।
ਇੱਕ ਹੋਰ ਰੌਚਕ ਅਤੇ ਦਿਲਚਸਪ ਗੱਲ ਇਹ ਕਿ ਕਾਂਗਰਸ ਪਾਰਟੀ ਛੱਡ ਕੇ ਅਜਾਦ ਤੋਰ ਤੇ ਚੋਣ ਲੜੇ ਅਤੇ ਕਾਂਗਰਸ ਦੇ ਵੱਡੇ ਉਮੀਦਵਾਰ ਨੂੰ ਹਰਾ ਖੁਦ ਕਾਂਗਰਸ ਵਿੱਚ ਸ਼ਾਮਲ ਹੋਏ ਜਤਿੰਦਰ ਕੁਮਾਰ ਜੀਤੂ ਬਾਂਸਲ ਜੈਤੋ ਨਗਰ ਕੌਂਸਲ ਦੇ ਮੀਤ ਪ੍ਰਧਾਨ ਬਣ ਗਏ।