ਅਮਰੀਕਾ: ਘਰ ਉੱਤੇ ਡਿੱਗਿਆ ਛੋਟਾ ਜਹਾਜ਼ , 4 ਦੀ ਮੌਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 7 ਮਈ 2021 - ਮਿਸੀਸਿਪੀ ਵਿੱਚ ਇੱਕ ਛੋਟਾ ਜਹਾਜ਼ ਕ੍ਰੈਸ਼ ਹੋਣ ਦੇ ਬਾਅਦ ਇੱਕ ਘਰ ਉੱਤੇ ਡਿੱਗਿਆ ਹੈ, ਜਿਸ ਨਾਲ ਘਰ ਦੇ ਚਾਰ ਲੋਕਾਂ ਵਿੱਚੋਂ ਇੱਕ ਅਤੇ ਜਹਾਜ਼ ਵਿੱਚ ਸਵਾਰ ਟੈਕਸਾਸ ਦੇ ਤਿੰਨ ਨਿਵਾਸੀਆਂ ਦੀ ਮੌਤ ਹੋ ਗਈ, ਜੋ ਇੱਕ ਯੂਨੀਵਰਸਿਟੀ ਗ੍ਰੈਜੂਏਸ਼ਨ ਸਮਾਰੋਹ ਲਈ ਜਾ ਰਹੇ ਸਨ। ਇਸ ਹਾਦਸੇ ਵਿੱਚ ਮਰਨ ਵਾਲਾ 55 ਸਾਲਾ ਗੈਰੀ ਸਟੈਂਡਲੀ ਉਸ ਘਰ ਦਾ ਵਸਨੀਕ ਸੀ ਜਿਥੇ ਹੈਟਿਸਬਰਗ, ਮਿਸੀਸਿਪੀ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।
ਇਸ ਦੇ ਇਲਾਵਾ 67 ਸਾਲਾਂ ਲੂਇਸ ਪ੍ਰੋਵੈਂਜ਼ਾ, 23 ਸਾਲਾ ਅੰਨਾ ਕੈਲਹੋਨ ਅਤੇ 2 ਸਾਲਾ ਹਾਰਪਰ ਪ੍ਰੋਵੈਂਜ਼ਾ ਵੀ ਇਸ ਹਾਦਸੇ ਵਿੱਚ ਮਾਰੇ ਗਏ। ਹੈਟਿਸਬਰਗ ਜੈਕਸਨ, ਮਿਸੀਸਿਪੀ ਤੋਂ 90 ਮੀਲ ਦੱਖਣ ਪੂਰਬ ਵੱਲ ਸਥਿਤ ਹੈ। ਯੂਨੀਵਰਸਿਟੀ ਆਫ ਸਾਊਦਰਨ ਮਿਸੀਸਿਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਤਿੰਨ ਵਿਅਕਤੀ ਇੱਕ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਹੈਟਿਸਬਰਗ ਆ ਰਹੇ ਸਨ। ਲੋਕ ਸੰਪਰਕ ਨਿਰਦੇਸ਼ਕ ਜੂਲੀ ਗੈਨੌਰ ਨੇ ਦੱਸਿਆ ਕਿ ਕੈਲਹੋਨ ਮਿਡਵੈਸਟਰਨ ਸਟੇਟ ਯੂਨੀਵਰਸਿਟੀ ਵਿਚਿਟਾ ਫਾਲਜ਼ ਵਿੱਚ ਜੀਵ ਵਿਗਿਆਨ ਦਾ ਅਧਿਐਨ ਕਰਨ ਵਾਲਾ ਇੱਕ ਜੂਨੀਅਰ ਸੀ।
ਹੈਟਿਸਬਰਗ ਦੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਇੱਕ ਮਿਤਸੁਬੀਸ਼ੀ ਐਮ -2 ਬੀ 60 ਜਹਾਜ਼ ਮੰਗਲਵਾਰ ਦੇਰ ਰਾਤ ਇੱਕ ਘਰ ਉੱਤੇ ਹਾਦਸਾਗ੍ਰਸਤ ਹੋ ਗਿਆ। ਜਿਸ ਉਪਰੰਤ 11:20 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੂੰ ਕਰੈਸ਼ ਦੇ ਕਾਰਨਾਂ ਦੀ ਜਾਂਚ ਲਈ ਬੁਲਾਇਆ ਗਿਆ ਸੀ ਅਤੇ ਇਸਦੀ ਜਾਂਚ ਲਈ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨਾਲ ਸੰਪਰਕ ਕੀਤਾ ਗਿਆ ਹੈ।