ਅਮਰੀਕਾ ਵਿੱਚ ਔਰਤਾਂ ਨੇ ਮੈਰੀਨ ਟਰੇਨਿੰਗ ਕੈਂਪ 'ਚ ਰਚਿਆ ਇਤਿਹਾਸ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 7 ਮਈ 2021 - ਅਮਰੀਕਾ ਵਿੱਚ ਔਰਤਾਂ ਨੇ ਵੀਰਵਾਰ ਨੂੰ ਆਪਣੇ ਹਮਰੁਤਬਾ ਪੁਰਸ਼ਾਂ ਦੇ ਨਾਲ ਸੈਨ ਡਿਏਗੋ ਵਿੱਚ ਮਰੀਨ ਕੋਰ ਰਿਕਰੂਟ ਡਿਪੂ ਵਿੱਚ ਪਹਿਲੀ ਵਾਰ ਗ੍ਰੈਜੂਏਟ ਹੋ ਕੇ ਇਤਿਹਾਸ ਰਚਿਆ ਹੈ। ਲੀਮਾ ਕੰਪਨੀ ਵਿੱਚ ਭਰਤੀ ਹੋਣ ਵਾਲੀਆਂ ਔਰਤਾਂ ਦੀ ਇਹ ਪਹਿਲੀ ਪਲਟਨ ਹੈ, ਜਿਨ੍ਹਾਂ ਨੇ ਡਿਪੂ ਦੇ 13-ਹਫ਼ਤੇ ਦੇ ਸਖ਼ਤ ਬੂਟ ਕੈਂਪ ਨੂੰ ਪੂਰਾ ਕੀਤਾ ਹੈ, ਜੋ ਕਿ ਰਵਾਇਤੀ ਤੌਰ 'ਤੇ ਪੁਰਸ਼ ਭਰਤੀ ਕਰਨ ਲਈ ਰਾਖਵਾ ਹੈ। ਸਟਾਫ ਸਾਰਜੈਂਟ ਅੰਬਰ ਸਟਾਰੋਸਿਕ, ਨੇ ਚਾਰ ਹੋਰ ਮਹਿਲਾ ਇੰਸਟ੍ਰੱਕਟਰਾਂ ਨਾਲ ਮਿਲ ਕੇ ਇਸ ਬੂਟ ਕੈਂਪ ਦੇ ਇਤਿਹਾਸ ਨੂੰ ਬਦਲਣ ਲਈ ਔਰਤਾਂ ਦੀ ਅਗਵਾਈ ਕੀਤੀ।
ਨਵੇਂ ਕਾਨੂੰਨਾਂ ਤਹਿਤ ਸੈਨ ਡਿਏਗੋ ਵਿੱਚ 2028 ਤੱਕ ਪੂਰੀ ਤਰ੍ਹਾਂ ਨਾਲ ਏਕੀਕ੍ਰਿਤ ਬੂਟ ਕੈਂਪ ਦੀ ਸਿਖਲਾਈ ਦੀ ਲੋੜ ਹੈ ਅਤੇ ਦੂਸਰਾ ਮੈਰੀਨ ਕੋਰ ਬੂਟ ਕੈਂਪ, ਜੋ ਦੱਖਣੀ ਕੈਰੋਲੀਨਾ ਦੇ ਪੈਰਿਸ ਆਈਲੈਂਡ ਵਿੱਚ ਸਥਿਤ ਹੈ, ਪਹਿਲਾਂ ਹੀ ਪੁਰਸ਼ਾਂ ਅਤੇ ਔਰਤਾਂ ਲਈ ਪੂਰੀ ਤਰ੍ਹਾਂ ਏਕੀਕ੍ਰਿਤ ਹੈ।ਕੈਂਪ ਵਿੱਚ ਗ੍ਰੈਜੂਏਸ਼ਨ ਤੋਂ ਪਹਿਲਾਂ, ਹਰ ਥੱਕਿਆ ਹੋਇਆ ਪੁਰਸ਼ ਜਾਂ ਔਰਤ "ਕਰੂਸੀਬਲ" ਨੂੰ ਪੂਰਾ ਕਰਦਾ ਹੈ, ਜੋ ਕਿ ਕੈਂਪ ਪੇਂਡਲਟਨ ਦੀ ਉੱਚੀ ਸਿਖਰ 'ਤੇ ਪਹੁੰਚਦਾ ਹੈ ਜਿਸ ਨੂੰ "ਦਿ ਰੀਪਰ" ਵਜੋਂ ਜਾਣਿਆ ਜਾਂਦਾ ਹੈ। ਸੈਨ ਡਿਏਗੋ ਵਿੱਚ ਹਰ ਇੱਕ ਨੂੰ ਮਹਿਲਾਵਾਂ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਹੋਇਆ ਹੈ।