ਚੰਡੀਗੜ੍ਹ 7 ਮਈ 2021 - ਤੇਲੰਗਾਨਾ ਕਾਡਰ 2007 ਦੇ ਆਈ ਪੀ ਐਸ ਅਫਸਰ ਸ਼੍ਰੀ ਵਿਕਰਮਜੀਤ ਦੁੱਗਲ ਦੇ ਪਟਿਆਲਾ ਐਸ ਐਸ ਪੀ ਤੋਂ ਡੀ ਆਈ ਜੀ ਪਟਿਆਲਾ ਪਦ ਉਨਤ ਹੋਣ ਉਤੇ ਪੰਜਾਬ ਦੇ ਉਘੇ ਲੇਖਕਾਂ ਨੇ ਉਨਾ ਨੂੰ ਵਧਾਈ ਦਿਤੀ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਮੁਬਾਰਕ ਸੰਦੇਸ਼ ਵਿੱਚ ਆਖਿਆ ਕਿ ਵਿਕਰਮਜੀਤ ਇਕ ਨਿਪੁੰਨ ਪੁਲਸ ਅਫਸਰ ਦੇ ਨਾਲ ਨਾਲ ਕੋਮਲ ਕਲਾਵਾਂ ਨੂੰ ਸਮਰਪਿਤ ਇਨਸਾਨ ਹੈ ਤੇ ਪੰਜਾਬੀ ਅਖਬਾਰਾਂ ਵਿਚ ਲਗਾਤਾਰ ਆਪਣੇ ਕਾਲਮ ਲਿਖਕੇ ਉਸਨੇ ਪੰਜਾਬੀ ਪਾਠਕਾਂ ਦਾ ਮਨ ਜਿੱਤਿਆ ਹੈ।
ਵਿਕਰਮਜੀਤ ਦੁੱਗਲ ਦੇ ਨਜਦੀਕੀ ਰਿਸ਼ਤੇਦਾਰ ਤੇ ਕਾਲਮ ਨਵੀਸ ਲੇਖਕ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਵਿਕਰਮਜੀਤ ਦੁੱਗਲ ਦੇ ਮਨ ਵਿਚ ਪੰਜਾਬ ਦੇ ਵਿਰਸੇ ਤੇ ਸਾਹਿਤ ਪ੍ਰਤੀ ਅੰਤਾਂ ਦਾ ਮੋਹ ਹੈ। ਉਨਾ ਦੀਆਂ ਦੋ ਸਾਹਿਤਕ ਪੁਸਤਕਾਂ ਛਪਵਾਈ ਅਧੀਨ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਤੇ ਆਲੋਚਕ ਡਾ ਬਲਦੇਵ ਸਿੰਘ ਧਾਲੀਵਾਲ ਨੇ ਆਖਿਆ ਕਿ ਸ਼੍ਰੀ ਦੁੱਗਲ ਮਿਕਨਾਤੀਸੀ ਸ਼ਖਸੀਅਤ ਦੇ ਮਾਲਕ ਹਨ ਤੇ ਪੁਲੀਸ ਡਿਊਟੀ ਦੇ ਨਾਲ ਨਾਲ ਹਮੇਸ਼ਾ ਕਲਾ ਸਿਰਜਣਾ ਵੱਲ ਵੀ ਰੁਚਿਤ ਰਹਿੰਦੇ ਹਨ।
ਘੁਗਿਆਣਵੀ ਨੇ ਦਸਿਆ ਕਿ ਉਹ ਬਚਪਨ ਤੋਂ ਹੀ ਦੁੱਗਲ ਦੇ ਮਿਹਨਤੀ ਤੇ ਸੰਘਰਸ਼ਸ਼ੀਲ ਸੁਭਾਅ ਤੋਂ ਵਾਕਿਫ ਹਨ ਤੇ ਉਨਾ ਦੇ ਪਿਤਾ ਦੇ ਦਾਦਾ ਨੇ ਵੀ ਪੰਜਾਬ ਪੁਲਸ ਵਿਚ ਰਹਿ ਕੇ ਸੇਵਾਵਾਂ ਦਿਤੀਆਂ ਹਨ। ਸ਼੍ਰੀ ਦੁੱਗਲ ਦੇ ਧਰਮ ਪਤਨੀ ਡਾ ਗੀਤਿੰਦਰ ਕੌਰ ਆਈ ਆਰ ਐਸ ਇਨਕਮ ਟੈਕਸ ਵਿਭਾਗ ਵਿਚ ਐਡੀਸ਼ਨਲ ਕਮਿਸ਼ਨਰ ਤਾਇਨਾਤ ਹਨ। ਸ਼੍ਰੀ ਦੁੱਗਲ ਦੀ ਤਰੱਕੀ ਤੇ ਨਿਯੁਕਤੀ ਉਤੇ ਕਲਾ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਖੁਸ਼ੀ ਪ੍ਰਗਟਾਈ ਹੈ।