ਫਿਰ ਤੋਂ ਬੇਘਰ ਹੋਏ ਪਰਵਾਸੀ ਮਜ਼ਦੂਰ, ਮੁੜ ਓਹੀ ਦਰਦਨਾਕ ਮੰਜ਼ਰ ਆਇਆ ਸਾਹਮਣੇ
ਭੁੱਖਣ-ਭਾਣੇ ਪਰਵਾਸੀ ਮਜ਼ਦੂਰਾਂ ਨੇ ਘਰਾਂ ਨੂੰ ਪਏ ਚਾਲੇ
ਸੰਜੀਵ ਜਿੰਦਲ
ਮਾਨਸਾ , 8 ਮਈ 2021 : ਕੋਰੋਨਾ ਮਹਾਂਮਾਰੀ ਨੇ ਪੰਜਾਬ ਸਮੇਤ ਪੂਰੇ ਭਾਰਤ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ । ਸਰਕਾਰੀ ਅੰਕੜਿਆਂ ਮੁਤਾਬਿਕ ਹਰ ਰੋਜ਼ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਲਾਕਡਾਉਨ ਲਾਉਣ ਦਾ ਫੈਸਲਾ ਲਿਆ, ਜਿਸ ਨਾਲ ਪੰਜਾਬ ਦੇ ਲੋਕਾਂ ਦੇ ਤਾਂ ਸਾਹ ਸੂਤੇ ਹੀ ਗਏ ।ਇਸਦੇ ਨਾਲ ਹੀ ਪੰਜਾਬ ਵਿੱਚ ਆਪਣੀ ਰੋਟੀ ਲਈ ਮਜ਼ਦੂਰੀ ਕਰਨ ਆਉਂਦੇ ਪਰਵਾਸੀ ਮਜ਼ਦੂਰਾਂ ਨੂੰ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਫ਼ਿਕਰ ਸਤਾਉਣ ਲੱਗਿਆ । ਉਨ੍ਹਾਂ ਦੀਆਂ ਅੱਖਾਂ ਅੱਗੇ ਪਿਛਲੇ ਵਰ੍ਹੇ ਦਾ ਕੋਰੋਨਾ ਮੰਜ਼ਰ ਉਸੇ ਤਰ੍ਹਾਂ ਹੀ ਘੁੰਮਣ ਲੱਗਾ । ਇਸ ਨੂੰ ਦੇਖਦਿਆਂ ਹੁਣ ਪ੍ਰਵਾਸੀ ਲੋਕਾਂ ਨੇ ਵੀ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ ਹਨ। ਸਿਖ਼ਰ ਦੁਪਹਿਰ ਦੀ ਗਰਮੀ ਵਿੱਚ ਸੜਕਾਂ ‘ਤੇ ਬੈਠੇ ਇਨ੍ਹਾਂ ਪ੍ਰਵਾਸੀ ਲੋਕਾ ਨੇ ਰੋ-ਰੋ ਕੇ ਆਪਣੇ ਦੁੱਖੜੇ ਸੁਣਾਏ।
ਇਨ੍ਹਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਮਾਲਕ ਨੇ ਖਾਣਾ ਨਹੀਂ ਦਿੱਤਾ। ਪਰਵਾਸੀ ਮਜ਼ਦੂਰਾਂ ਨੇ ਕਿਹਾ ਪਿਛਲੇ ਸਾਲ ਜਦੋਂ ਲਾਕਡਾਉਨ ਲੱਗਾ ਸੀ ਤਾਂ ਬਹੁਤ ਬੁਰਾ ਹਾਲ ਸੀ।
ਹੁਣ ਅਸੀਂ ਸੋਚਿਆ ਕਿਉਂ ਨਾ ਘਰ ਜਾਕੇ ਹੀ ਮਰ ਜਾਈਏ। ਸਰਕਾਰਾਂ ਨੇ ਤਾਂ ਸਾਨੂੰ ਕੁਝ ਦੇਣਾ ਨਹੀਂ ਹੁਣ ਅਸੀਂ ਖ਼ੁਦ ਆਪਣੀ ਜੇਬ ਵਿੱਚੋਂ ਦੋ ਹਜ਼ਾਰ ਰੁਪਏ ਤੋਂ ਵੱਧ ਦੀ ਟਿਕਟ ਲੈ ਰਹੇ ਹਾਂ।
ਹਾਲੇ ਇਹ ਨਹੀਂ ਪਤਾ ਬੱਸ ਵਾਲੇ ਕਿੱਥੇ ਛੱਡਣਗੇ। ਸਾਡਾ ਬੁਰਾ ਹਾਲ ਹੋਇਆ ਪਿਆ ਹੈ।ਮੁੜ ਓਹੀ ਦਰਦਨਾਕ ਤਸਵੀਰ, ਭੁੱਖਣ-ਭਾਣੇ ਪਰਵਾਸੀ ਮਜਦੂਰਾਂ ਨੇ ਘਰਾਂ ਨੂੰ ਪਾਏ ਚਾਲੇ ।
ਉਨ੍ਹਾਂ ਦੱਸਿਆ ਕਿ ਮਾਲਕ ਕਹਿੰਦਾ ਮੇਰੇ ਕੋਲ ਕੰਮ ਨਹੀਂ ਮੈਂ ਕਿੱਥੋਂ ਪੈਸੇ ਦੇਵਾਂ। ਜਦੋਂ ਮਾਲਕਾਂ ਦਾ ਇਹ ਹਾਲ ਹੈ ਤਾਂ ਸਾਡਾ ਕੀ ਬਣੂੰ ? ਅਜਿਹੇ ਚ ਹੁਣ ਅਸੀਂ ਘਰ ਜਾਣਾ ਹੀ ਬਿਹਤਰ ਸਮਝਿਆ। ਦੂਸਰੇ ਪਾਸੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ ਕਿ ਅਸੀਂ ਆਪਣੀ ਜਨਤਾ ਲਈ ਇਹ ਸਭ ਕੁਝ ਕਰ ਰਹੇ ਹਾਂ ਪਰ ਹਕੀਕਤ ਕੁਝ ਹੋਰ ਹੈ ।