ਪੰਜਾਬ 'ਚ ਖੜ੍ਹਾ ਹੋ ਸਕਦਾ ਹੈ ਆਕਸੀਜਨ ਸੰਕਟ ? ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 8 ਮਈ 2021 - ਪੰਜਾਬ ਦੇ ਵਿੱਚ ਆਕਸੀਜਨ ਦੀ ਸਪਲਾਈ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਜਿਸ ਦੇ ਕਾਰਨ ਪੰਜਾਬ ਨੂੰ ਵੀ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ਬਰ ਮਿਲ ਰਹੀ ਹੈ ਕਿ ਪੰਜਾਬ ਕੋਲ ਸਿਰਫ਼ 10 ਤੋਂ 12 ਘੰਟੇ ਦੀ ਹੀ ਆਕਸੀਜਨ ਸਪਲਾਈ ਬਚੀ ਹੈ ਜੇ ਹੋਰ ਸਪਲਾਈ ਨਾ ਮਿਲੀ ਤਾਂ ਆਮ ਲੋਕਾਂ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਇਸ ਸਬੰਧੀ ਆਕਸੀਜਨ ਕੰਟਰੋਲ ਰੂਮ ਦੇ ਇੰਚਾਰਜ ਅਜੋਏ ਸ਼ਰਮਾ ਨੇ ਨਿਊਜ਼ 18 (ਪੰਜਾਬ ਹਰਿਆਣਾ ਅਤੇ ਹਿਮਾਚਲ) ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੇ ਕੇਂਦਰ ਸਰਕਾਰ ਵੱਲੋਂ ਆਕਸੀਜਨ ਦੀ ਹੋਰ ਸਪਲਾਈ ਨਾ ਕੀਤੀ ਗਈ ਤਾਂ ਪੰਜਾਬ 'ਚ ਆਕਸੀਜਨ ਸਿਰਫ 10 ਤੋਂ 12 ਘੰਟਿਆਂ ਬਾਅਦ ਮੁੱਕ ਜਾਵੇਗੀ। ਇਸ ਲਈ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਹੋਰ ਆਕਸੀਜਨ ਸਪਲਾਈ ਕਰਨ ਲਈ ਬੇਨਤੀ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਪਰ ਇਸ ਦੇ ਨਾਲ ਹੀ ਅਜੋਏ ਸ਼ਰਮਾ ਨੇ ਦੱਸਿਆ ਕਿ ਵੈਸੇ ਤਾਂ ਸਾਡੇ ਕੋਲ 24 ਘੰਟੇ ਦਾ ਸਟਾਕ ਹੁੰਦਾ ਹੈ, ਪਰ ਹੁਣ ਖਪਤ ਜ਼ਿਆਦਾ ਹੋਣ ਕਾਰਨ ਇਹ 12 ਤੋਂ 14 ਘੰਟੇ ਦਾ ਰਹਿ ਗਿਆ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਤੁਸੀਂ ਬੇਫਿਕਰ ਹੋ ਕੇ ਆਪਣੇ ਇਲਾਜ ਲਈ ਕਿਸੇ ਵੀ ਹਸਪਤਾਲ 'ਚ ਜਾ ਸਕਦੇ ਹੋ, ਅਸੀਂ ਸਾਰੇ ਹੀ ਪ੍ਰਬੰਧ ਕਰ ਰਹੇ ਹਾਂ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।