ਅਮਰੀਕਾ: ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਕੀਤੀ ਵਰਚੂਅਲ ਮੀਟਿੰਗ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 8 ਮਈ 2021 - ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ੁੱਕਰਵਾਰ ਨੂੰ ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਨਾਲ ਵਰਚੂਅਲ ਮੁਲਾਕਾਤ ਕੀਤੀ ਹੈ। ਹੈਰਿਸ ਨੇ ਵਾਸ਼ਿੰਗਟਨ ਵਿੱਚ ਸੰਖੇਪ ਟਿੱਪਣੀ ਕਰਦਿਆਂ ਕਿਹਾ ਕਿ ਮੈਕਸੀਕੋ ਦੇਸ਼ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਹੈ ਅਤੇ ਦੋਵਾਂ ਦੇਸ਼ਾਂ ਨੂੰ ਇਕੱਠੇ ਮਿਲ ਕੇ, ਹਿੰਸਾ ਨਾਲ ਲੜਨਾ ਚਾਹੀਦਾ ਹੈ। ਹੈਰਿਸ ਨੇ ਕਿਹਾ ਕਿ ਉੱਤਰੀ ਤਿਕੋਣ ਨੂੰ ਤੁਰੰਤ ਰਾਹਤ ਪ੍ਰਦਾਨ ਕਰਨਾ ਅਤੇ ਪਰਵਾਸ ਦੇ ਮੂਲ ਕਾਰਨਾਂ ਦਾ ਹੱਲ ਕਰਨਾ ਦੇਸ਼ਾਂ ਦਾ ਆਪਸੀ ਹਿੱਤ ਹੈ।
ਇਸਦੇ ਇਲਾਵਾ ਹੈਰਿਸ ਨੇ ਇਸ ਹਫਤੇ 7-8 ਜੂਨ ਨੂੰ ਮੈਕਸੀਕੋ ਅਤੇ ਗੁਆਟੇਮਾਲਾ ਦਾ ਦੌਰਾ ਕਰਨ ਸੰਬੰਧੀ ਵੀ ਪੁਸ਼ਟੀ ਕੀਤੀ ਸੀ। ਰਾਸ਼ਟਰਪਤੀ ਜੋਅ ਬਾਈਡੇਨ ਨੇ ਮਾਰਚ ਵਿੱਚ ਹੈਰਿਸ ਨੂੰ ਮੈਕਸੀਕੋ ਦੀ ਸਰਹੱਦ ਦੇ ਨਾਲ ਪਰਵਾਸੀ ਸੰਕਟ ਨੂੰ ਰੋਕਣ ਲਈ ਆਪਣਾ ਮੁੱਖ ਵਿਅਕਤੀ ਨਿਯੁਕਤ ਕੀਤਾ ਸੀ, ਜਿਸ ਵਿੱਚ ਅਲ ਸਲਵਾਡੋਰ, ਹੋਂਡੂਰਸ ਅਤੇ ਗੁਆਟੇਮਾਲਾ ਤੋਂ ਆਏ ਪਰਿਵਾਰਾਂ ਅਤੇ ਨਾਬਾਲਗਾਂ ਵਿੱਚ ਭਾਰੀ ਵਾਧਾ ਹੋਇਆ ਸੀ।
ਹੈਰਿਸ ਨੇ ਮੰਗਲਵਾਰ ਨੂੰ ਪੱਛਮੀ ਹੇਮਿਸਫਾਇਰ ਦੇ ਨੇਤਾਵਾਂ ਦੀ ਇੱਕ ਵੈੱਬ ਕਾਨਫ਼ਰੰਸ ਵਿੱਚ ਕਿਹਾ ਕਿ ਅਮਰੀਕਾ-ਮੈਕਸੀਕੋ ਸਰਹੱਦ ਦੇ ਨਾਲ ਪ੍ਰਵਾਸੀਆਂ ਦੀ ਚਿੰਤਾਜਨਕ ਭੀੜ ਹੈ, ਪਰ ਕੇਂਦਰੀ ਅਮਰੀਕਾ ਵਿੱਚ ਭ੍ਰਿਸ਼ਟਾਚਾਰ ਨੂੰ ਸਾਫ ਕੀਤੇ ਬਿਨਾਂ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।ਹੈਰਿਸ ਅਨੁਸਾਰ ਬਾਈਡੇਨ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਲਈ ਮੱਧ ਅਮਰੀਕਾ ਵਿੱਚ 310 ਮਿਲੀਅਨ ਡਾਲਰ ਦੀ ਵਾਧੂ ਅਮਰੀਕੀ ਸਹਾਇਤਾ ਵਧਾ ਦਿੱਤੀ ਹੈ। ਹੈਰਿਸ ਨੇ ਹਾਲ ਹੀ ਵਿੱਚ ਕੇਂਦਰੀ ਅਮਰੀਕੀ ਅਤੇ ਅਮਰੀਕਾ ਦੇ ਗੈਰ-ਲਾਭਕਾਰੀ ਸੰਗਠਨਾਂ ਨਾਲ ਤਾਲਮੇਲ ਕਰਕੇ ਜਾਪਾਨ ਦੇ ਪ੍ਰਧਾਨ ਮੰਤਰੀ ਅਤੇ ਫਿਨਲੈਂਡ ਦੇ ਰਾਸ਼ਟਰਪਤੀ ਨੂੰ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਵਿੱਚ ਸਹਾਇਤਾ ਕਰਨ ਲਈ ਕਿਹਾ ਹੈ।