ਕੈਲੀਫੋਰਨੀਆ ਦੀ ਸੁਪਰੀਮ ਕੋਰਟ ਵਿੱਚ ਪਹਿਲੇ ਲੈਤੀਨੋ ਜਸਟਿਸ ਕਰੂਜ਼ ਰੇਨੋਸੋ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 8 ਮਈ 2021 - ਇੱਕ ਪਰਵਾਸੀ ਖੇਤ ਮਜ਼ਦੂਰ ਦਾ ਪੁੱਤਰ ਕਰੂਜ਼ ਰੇਨੋਸੋ, ਜੋ ਕਿ ਆਪਣੀ ਮਿਹਨਤ ਨਾਲ ਕਾਨੂੰਨ ਪ੍ਰਣਾਲੀ ਦੇ ਸਿਖਰ ਤੇ ਪਹੁੰਚਿਆ ਅਤੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦਾ ਪਹਿਲਾ ਲੈਤੀਨੋ ਜਸਟਿਸ ਸੀ, ਸ਼ੁੱਕਰਵਾਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਰੇਨੋਸੋ 90 ਸਾਲਾਂ ਦੇ ਸਨ ਅਤੇ ਹਾਲ ਹੀ ਵਿੱਚ ਓਰਵਿਲ ਵਿੱਚ ਹੋਸਪੀਸ ਦੇਖਭਾਲ ਵਿੱਚ ਸਨ ਜਦਕਿ ਉਹਨਾਂ ਦੀ ਮੌਤ ਦੇ ਕਿਸੇ ਕਾਰਨ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ। ਰੇਨੋਸੋ ਸਿਵਲ ਰਾਈਟਸ ਬਾਰੇ ਅਮਰੀਕੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਹੇ ਅਤੇ ਸੰਨ 2000 ਵਿੱਚ ਰਾਸ਼ਟਰਪਤੀ ਬਿੱਲ ਕਲਿੰਟਨ ਤੋਂ ਪਰੈਜੀਡੈਂਟਲ ਮੈਡਲ ਆਫ ਫਰੀਡਮ ਵੀ ਪ੍ਰਾਪਤ ਕੀਤਾ।
ਰੇਨੋਸੋ ਮੈਕਸੀਕਨ ਪ੍ਰਵਾਸੀਆਂ ਦਾ ਪੁੱਤਰ ਹੈ ਜਿਸ ਨੇ ਸਾਨ ਜੋਆਕੁਇਨ ਵੈਲੀ ਦੇ ਖੇਤਰਾਂ ਵਿੱਚ ਆਪਣੇ ਪਰਿਵਾਰ ਨਾਲ ਗਰਮੀਆਂ ਵਿੱਚ ਜੀਵਨ ਬਿਤਾਇਆ।ਉਹ ਓਰੇਂਜ ਕਾਉਂਟੀ ਵਿੱਚ ਪੈਦਾ ਹੋਇਆ ਸੀ ਅਤੇ ਆਪਣੇ ਪਰਿਵਾਰ ਨੂੰ ਪੈਸਾ ਕਮਾਉਣ ਵਿੱਚ ਸਹਾਇਤਾ ਲਈ ਪੂਰੇ ਕੈਲੀਫੋਰਨੀਆ ਵਿੱਚ ਖੇਤ ਵਿੱਚ ਕੰਮ ਕਰਦਾ ਸੀ।ਰੇਨੋਸੋ ਨੇ ਫੁੱਲਰਟਨ ਕਮਿਊਨਿਟੀ ਕਾਲਜ ਅਤੇ ਪੋਮੋਨਾ ਕਾਲਜ ਵਿੱਚ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਆਰਮੀ ਵਿੱਚ ਵੀ ਸੇਵਾ ਕੀਤੀ।
ਫਿਰ ਉਹ ਕੈਲੀਫੋਰਨੀਆ ਵਾਪਸ ਆਇਆ ਅਤੇ ਯੂ ਸੀ ਬਰਕਲੇ ਸਕੂਲ ਆਫ਼ ਲਾਅ ਤੋਂ ਗ੍ਰੈਜੂਏਟ ਹੋਇਆ ਅਤੇ ਏਲ ਸੈਂਟਰੋ, ਇੰਪੀਰੀਅਲ ਕਾਉਂਟੀ ਚਲਾ ਗਿਆ ਅਤੇ ਆਪਣੇ ਕਾਨੂੰਨੀ ਕੈਰੀਅਰ ਦੀ ਉਸਾਰੀ ਕੀਤੀ। ਰੇਨੋਸੋ ਕੈਲੀਫੋਰਨੀਆ ਰੂਰਲ ਕਾਨੂੰਨੀ ਸਹਾਇਤਾ, ਜੋ ਕਿ 1966 ਵਿੱਚ ਸਥਾਪਿਤ ਕੀਤਾ ਗਿਆ ਸੀ, ਦਾ ਡਾਇਰੈਕਟਰ ਬਣਿਆ ਜਿਸ ਦਾ ਮਿਸ਼ਨ,ਪੇਂਡੂ ਭਾਈਚਾਰਿਆਂ ਦੀ ਮਦਦ ਕਰਨਾ ਸੀ।1982 ਵਿੱਚ, ਗਵਰਨਰ ਜੈਰੀ ਬ੍ਰਾਊਨ ਨੇ ਰੇਨੋਸੋ ਨੂੰ ਰਾਜ ਦੀ ਸੁਪਰੀਮ ਕੋਰਟ ਵਿੱਚ ਨਿਯੁਕਤ ਕੀਤਾ, ਜੋ ਕਿ ਪਹਿਲਾ ਲੈਤੀਨੋ ਸੀ ਜੋ ਰਾਜ ਦੇ ਉੱਚ ਬੈਂਚ ਲਈ ਨਾਮਜ਼ਦ ਕੀਤਾ ਗਿਆ ਸੀ।