ਅਮਰੀਕਾ: ਕੈਲੀਫੋਰਨੀਆ ਦੀ ਆਬਾਦੀ ਵਿੱਚ ਕੀਤੀ ਜਾ ਰਹੀ ਹੈ ਗਿਰਾਵਟ ਦਰਜ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 8 ਮਈ 2021 - ਅਮਰੀਕਾ ਦੇ ਸੰਘਣੀ ਵਸੋਂ ਵਾਲੇ ਸੂਬੇ ਕੈਲੀਫੋਰਨੀਆ ਦੀ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅੰਕੜਿਆਂ ਦੇ ਅਨੁਸਾਰ ਕੈਲੀਫੋਰਨੀਆ ਦੀ ਆਬਾਦੀ ਪਿਛਲੇ ਸਾਲ ਨਾਲੋਂ 182,000 ਤੋਂ ਵੀ ਜ਼ਿਆਦਾ ਤੱਕ ਘੱਟ ਗਈ ਹੈ। ਅਮਰੀਕਾ ਦੇ ਜਨਗਣਨਾ ਬਿਊਰੋ ਵੱਲੋਂ ਪਿਛਲੇ ਹਫ਼ਤੇ ਦੇ ਐਲਾਨ ਅਤੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਤੋਂ ਬਾਅਦ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਪਹਿਲੀ ਵਾਰ ਇੱਕ ਕਾਂਗਰਸ ਦੀ ਸੀਟ ਗੁਆ ਸਕਦਾ ਕਿਉਂਕਿ ਇਹ ਪਿਛਲੇ ਦਹਾਕੇ ਦੌਰਾਨ ਹੋਰਨਾਂ ਰਾਜਾਂ ਨਾਲੋਂ ਹੌਲੀ ਵਧ ਰਿਹਾ ਹੈ।
ਹਾਲ ਹੀ ਦੇ ਸਾਲਾਂ ਵਿੱਚ, ਬਹੁਤ ਸਾਰੇ ਲੋਕ ਕੈਲੀਫੋਰਨੀਆ ਛੱਡ ਕੇ ਦੂਜੇ ਰਾਜਾਂ ਵਿੱਚ ਚਲੇ ਗਏ ਹਨ, ਜਿਸ ਬਾਰੇ ਰਿਪਬਲਿਕਨਜ਼ ਦਾ ਕਹਿਣਾ ਹੈ ਕਿ ਇਹ ਰਾਜ ਦੇ ਉੱਚ ਟੈਕਸਾਂ ਅਤੇ ਪ੍ਰਗਤੀਸ਼ੀਲ ਰਾਜਨੀਤੀ ਦਾ ਨਤੀਜਾ ਹੈ। ਕੈਲੀਫੋਰਨੀਆ ਵਿੱਚ ਇਕੱਲੇ ਪਰਿਵਾਰਕ ਘਰ ਦੀ ਔਸਤਨ ਵਿਕਰੀ ਦੀ ਕੀਮਤ ਮਾਰਚ ਵਿਚ ਰਿਕਾਰਡ 758,990 ਡਾਲਰ ਰਹੀ, ਜੋ ਇੱਕ ਸਾਲ ਪਹਿਲਾਂ ਨਾਲੋਂ 23.9% ਵਧੀ ਹੈ। ਕੈਲੀਫੋਰਨੀਆ ਵਿੱਚੋਂ ਲਗਾਤਾਰ ਲੋਕ ਨੂੰ ਦੂਜੇ ਰਾਜਾਂ ਨੂੰ ਜਾ ਰਹੇ ਹਨ।
ਕੈਲੀਫੋਰਨੀਆ ਦੇ ਪਬਲਿਕ ਪਾਲਿਸੀ ਇੰਸਟੀਚਿਊਟ ਦੁਆਰਾ ਕੀਤੀ ਗਈ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ, 2010 ਤੋਂ 2020 ਤੱਕ, ਲੱਗਭਗ 6.1 ਮਿਲੀਅਨ ਲੋਕ ਦੂਜੇ ਰਾਜਾਂ ਲਈ ਰਵਾਨਾ ਹੋਏ ਅਤੇ ਸਿਰਫ 4.9 ਮਿਲੀਅਨ ਦੇਸ਼ ਦੇ ਹੋਰ ਹਿੱਸਿਆਂ ਤੋਂ ਕੈਲੀਫੋਰਨੀਆ ਪਹੁੰਚੇ ਹਨ। ਕੋਰੋਨਾ ਵਾਇਰਸ ਕਾਰਨ ਗਲੋਬਲ ਤਾਲਾਬੰਦੀ ਹੋਣ ਕਾਰਨ ਕੈਲੀਫੋਰਨੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ, ਜਾਂ ਲੱਗਭਗ 53,000 ਲੋਕਾਂ ਵਿੱਚ ਵੀ 29% ਦੀ ਗਿਰਾਵਟ ਆਈ ਹੈ। ਇਸਦੇ ਇਲਾਵਾ ਪਿਛਲੇ ਸਾਲ ਕੈਲੀਫੋਰਨੀਆ ਵਿੱਚ ਕੋਰੋਨਾ ਵਾਇਰਸ ਵਿੱਚ 51,000 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਨਾਲ ਪਿਛਲੇ ਤਿੰਨ ਸਾਲਾਂ ਦੀ ਔਸਤ ਦੇ ਮੁਕਾਬਲੇ ਰਾਜ ਦੀ ਮੌਤ ਦਰ ਵਿੱਚ 19% ਵਾਧਾ ਹੋਇਆ ਹੈ। ਅਧਿਕਾਰੀਆਂ ਅਨੁਸਾਰ ਰਾਜ ਦੀ ਆਬਾਦੀ ਦਾ ਅੰਦਾਜ਼ਾ ਕਈਂ ਸਰੋਤਾਂ ਤੋਂ ਮਿਲਦਾ ਹੈ, ਜਿਸ ਵਿੱਚ ਜਨਮ ਅਤੇ ਮੌਤ ਦੀ ਗਿਣਤੀ, ਨਵੇਂ ਡਰਾਈਵਰਾਂ ਦੇ ਲਾਇਸੈਂਸਾਂ ਅਤੇ ਪਤੇ ਵਿੱਚ ਤਬਦੀਲੀਆਂ, ਸਕੂਲ ਦਾਖਲੇ ਅਤੇ ਸੰਘੀ ਟੈਕਸ ਰਿਟਰਨ ਸ਼ਾਮਿਲ ਹਨ।