ਜ਼ਿਲ੍ਹਾ ਪੁਲਿਸ ਫ਼ਾਜ਼ਿਲਕਾ ਵੱਲੋਂ ਲੋਕਾਂ ਨੂੰ ਸੁਚੇਤ ਕਰਨ ਲਈ ਲਗਾਏ ਗਏ ਬੋਰਡਾਂ ਦੀ ਇੱਕ ਤਸਵੀਰ ।
ਜਗਦੀਸ਼ ਥਿੰਦ
ਫ਼ਾਜ਼ਿਲਕਾ 8 ਮਈ , ਕੋਰੋਨਾ ਵਾਇਰਸ ਦਾ ਡੰਗ ਇੰਨਾ ਤੇਜ਼ ਹੋ ਗਿਆ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਪਿਛਲੇ ਪੰਦਰਾਂ ਦਿਨਾਂ ਅੰਦਰ ਵੱਡੀ ਗਿਣਤੀ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ।
ਅੱਜ 8 ਮਈ 2021ਦੇ ਦਿਨ ਜ਼ਿਲ੍ਹਾ ਫਾਜ਼ਿਲਕਾ ਅੰਦਰ 3048 ਕੇਸ ਐਕਟਿਵ ਹਨ ।
ਅੱਜ 8 ਮਈ ਨੂੰ ਹੋਰ 528 ਲੋਕਾਂ ਦੀ ਰਿਪੋਰਟ ਕੋਰੋਨਾ ਪੌਜ਼ਟਿਵ ਆਈ ਹੈ ।
ਜ਼ਿਲ੍ਹੇ ਅੰਦਰ ਹੁਣ ਤੱਕ 201 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਜਾਨ ਗਈ ਹੈ ਜਿਨ੍ਹਾਂ ਵਿਚੋਂ 107 ਜਣੇ ਪੂਰੇ ਪਿਛਲੇ ਸਾਲ ਦੌਰਾਨ ਚੱਲ ਵਸੇ ਪਰ 94 ਜਣਿਆਂ ਨੂੰ ਪਿਛਲੇ 15 ਅੰਦਰ ਕੋਰੋਨਾ ਵਾਇਰਸ ਦੇ ਦੈਂਤ ਨੇ ਨਿਗਲ ਲਿਆ ।
ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਅਨੁਸਾਰ 24 ਅਪ੍ਰੈਲ ਤੋਂ ਕਰਮਵਾਰ ਹਰ ਰੋਜ਼ 3 , 4 , 2 , 6 , 4 , 1 , 3 ਮੌਤਾਂ ਹੁੰਦੀਆਂ ਰਹੀਆਂ ।
ਪਹਿਲੀ ਮਈ ਨੂੰ 7 ਜਣਿਆਂ ਦੀ ਮੌਤ ਹੋਈ ਤਾਂ 2 ਮਈ ਨੂੰ 13 ਜਣੇ ਅਕਾਲ ਚਲਾਣਾ ਕਰ ਗਏ ।
ਤਿੱਨ ਮਈ ਨੂੰ ਸੱਤ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ।
ਇਸ ਤਰ੍ਹਾਂ ਚਾਰ ਮਈ ਨੂੰ ਦੱਸ ਘਰਾਂ ਅੰਦਰ ਸੱਥਰ ਵਿਛੇ ।
ਪੰਜ ਮਈ ਨੂੰ ਚਾਰ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਜਾਨ ਗਈ ।
ਇਸ ਤਰ੍ਹਾਂ ਛੇ ਮਈ ਨੂੰ ਨੌੰ ਜਣਿਆਂ ਨੂੰ ਕੋਵਿਡ -19 ਕਾਰਨ ਆਪਣੀ ਜਾਨ ਤੋਂ ਹੱਥ ਧੋਣੇ ਪਏ ।
ਇਸ ਤਰ੍ਹਾਂ ਪੰਦਰਾਂ ਦਿਨਾਂ ਅੰਦਰ 8 ਦਰਜਨ ਲੋਕਾਂ ਦੀ ਜਾਨ ਚਲੀ ਗਈ ਹੈ ।
ਮੰਜ਼ਰ ਖ਼ਤਰਨਾਕ ਏਨਾ ਹੈ ਕਿ ਹਰੇਕ ਗਲੀ ਵਿਚੋਂ ਲੋਕ ਮਰ ਰਹੇ ਹਨ ।
ਅਨੇਕਾਂ ਇਕਾਂਤਵਾਸ ਹੋਣ ਤੋਂ ਬਾਅਦ ਚਾਹੇ ਫਾਰਗ ਹੋ ਚੁੱਕੇ ਹਨ ਪਰ ਉਨ੍ਹਾਂ ਨਾਲ ਪਰਿਵਾਰ ਅਤੇ ਹੋਰ ਸਮਾਜ ਦੇ ਲੋਕਾਂ ਵੱਲੋਂ ਕੀਤੇ ਜਾਂਦੇ ਵਿਹਾਰ ਕਾਰਨ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਦਿਖਾਈ ਦਿੱਤੇ ।