ਮੁਕਤਸਰ ਸਿਹਤ ਵਿਭਾਗ ਕੋਲ ਬਚੀਆਂ ਮਹਿਜ਼ 10 ਫਤਿਹ ਕੋਰੋਨਾ ਕਿੱਟਾਂ, ਪੜ੍ਹੋ ਸਿਵਲ ਸਰਜਨ ਦਾ ਕੀ ਕਹਿਣੈ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 9 ਮਈ 2021-ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਕੋਲ ਫਤਿਹ ਕੋਰੋਨਾ ਕਿੱਟਾਂ ਖਤਮ ਹੋਣ ਕਿਨਾਰੇ ਹਨ। ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਲਈ ਹੁਣ ਤੱਕ 3,790 ਫਤਿਹ ਕਿੱਟਾਂ ਆਈਆਂ ਸਨ, ਜਿੰਨਾਂ ’ਚੋਂ 3,780 ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ ਤੇ ਸਿਰਫ 10 ਕਿੱਟਾਂ ਹੀ ਬਾਕੀ ਹਨ। ਫਤਿਹ ਕਿੱਟਾਂ ਸਬੰਧੀ ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਮੰਨਿਆ ਕਿ ਫਤਿਹ ਕਿੱਟਾਂ ਦੀ ਕਮੀ ਹੈ। ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਸਟੇਟ ਵੱਲੋਂ ਕਿੱਟਾਂ ਆ ਰਹੀਆਂ ਹਨ, ਓਵੇਂ-ਓਵਂ ਵੰਡੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਰੋਜ਼ਾਨਾ 200 ਤੋਂ 300 ਤੱਕ ਤੋਂ ਵੱਧ ਪਾਜ਼ੇਟਿਵ ਕੇਸ ਆ ਰਹੇ ਹਨ। ਜਦਕਿ ਫਤਿਹ ਕਿੱਟਾਂ ਖਤਮ ਹੋਣ ਕਿਨਾਰੇ ਹਨ। ਅਜਿਹੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਰੋਨਾ ’ਤੇ ਕਾਬੂ ਪਾਉਣ ਲਈ ਸ਼ੁਰੂ ਕੀਤਾ ਮਿਸ਼ਨ ਫਤਹਿ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਸ਼ਹਿਰ ਦੇ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਉਨ੍ਹਾਂ ਦੇ ਪਾਜ਼ੇਟਿਵ ਪਰਿਵਾਰਕ ਮੈਂਬਰਾਂ ਨੂੰ ਕਿੱਟਾਂ ਮਿਲ ਨਹੀਂ ਰਹੀਆਂ। ਜੇਕਰ ਮਿਲਦੀਆਂ ਹਨ ਤਾਂ ਉਸ ਵਿੱਚ ਸਮਾਨ ਪੂਰਾ ਨਹੀਂ ਹੁੰਦਾ ਸ, ਜਿਸ ਮਗਰੋਂ ਇਸ ਸਬੰਧ ’ਚ ਕੋਵਿਡ ਕੰਟਰੋਲ ਰੂਮ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਕੁਮਾਰ ਨੇ ਸਿਹਤ ਵਿਭਾਗ ਨੂੰ ਪਾਜ਼ੇਟਿਵ ਮਰੀਜ਼ਾਂ ਨੂੰ ਸਮੇਂ ਸਿਰ ਫਤਿਹ ਕਿੱਟਾਂ ਮੁਹੱਇਆ ਕਰਾਉਣ ਦੇ ਆਦੇਸ਼ ਦਿੱਤੇ ਸਨ।