ਬਾਲ ਆਸ਼ਰਮ ਦੀ ਜਸਬੀਰ ਕੌਰ ਸਿੰਗਲ ਮਾਂ ਹੋਣ ਦੇ ਬਾਵਜੂਦ ਸੈਂਕੜੇ ਬੱਚਿਆਂ ਨੂੰ ਦੇ ਰਹੀ ਹੈ ਆਸਰਾ
ਸੰਜੀਵ ਸੂਦ
- ਉਨ੍ਹਾਂ ਬੱਚਿਆਂ ਨੂੰ ਦਿੰਦੀ ਹੈ ਮਮਤਾ ਜੋ ਆਪਣੀ ਮਾਂ ਦੇ ਪਿਆਰ ਤੋਂ ਰਹਿੰਦੇ ਨੇ ਵਾਂਝੇ-
- ਮਦਰ ਡੇਅ ਤੇ ਜਸਵੀਰ ਕੌਰ ਨੂੰ ਸਲਾਮ ਖ਼ੁਦ ਤਿੰਨ ਬੱਚੀਆਂ ਲੈ ਚੁੱਕੀ ਹੈ ਗੋਦ
ਲੁਧਿਆਣਾ, 9 ਮਈ 2021 - ਇਕ ਪਾਸੇ ਅੱਜ ਪੂਰਾ ਵਿਸ਼ਵ ਮਦਰ ਡੇਅ ਮਨਾ ਰਿਹਾ ਹੈ ਉਥੇ ਹੀ ਅੱਜ ਵੀ ਸਮਾਜ ਵਿੱਚ ਅਜਿਹੇ ਲੋਕ ਨੇ ਜੋ ਲੜਕੀਆਂ ਦਾ ਕੁੱਖ ਵਿੱਚ ਹੀ ਕਤਲ ਕਰ ਦਿੰਦੇ ਨੇ ਪਰ ਲੁਧਿਆਣਾ ਦੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਦੀ ਜਸਵੀਰ ਕੌਰ ਖ਼ੁਦ ਮਾਂ ਨਾ ਬਣ ਕੇ ਸੈਂਕੜੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ ਅਤੇ ਉਸ ਦੀ ਮਮਤਾ ਦੇ ਚਰਚੇ ਸਿਰਫ਼ ਲੁਧਿਆਣਾ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹਨ, ਕਿਉਂਕਿ ਇਸ ਬਾਲ ਘਰ ਤੋਂ ਜੇਕਰ ਕਿਸੀ ਨੇ ਬੱਚਾ ਗੋਦ ਲੈਣਾ ਹੈ ਤਾਂ ਉਸ ਨੂੰ ਢਾਈ ਤੋਂ ਤਿੰਨ ਸਾਲ ਦੀ ਉਡੀਕ ਕਰਨੀ ਪੈਂਦੀ ਹੈ। ਜਿਸ ਦਾ ਵੱਡਾ ਕਾਰਨ ਜਸਬੀਰ ਕੌਰ ਦੀ ਪਰਵਰਿਸ਼ ਹੈ। ਜਿਸ ਵੱਲੋਂ ਪਾਲੇ ਹੋਏ ਬੱਚੇ ਅਮਰੀਕਾ ਕੈਨੇਡਾ ਪਹੁੰਚ ਚੁੱਕੇ ਹਨ।
ਲੁਧਿਆਣਾ ਤੋਂ ਲਗਪਗ ਤੀਹ ਕਿਲੋਮੀਟਰ ਦੂਰ ਇਸ ਬਾਲ ਘਰ ਦੇ ਵਿੱਚ ਡੇਢ ਮਹੀਨੇ ਦੀ ਬੱਚੀ ਤੋਂ ਲੈ ਕੇ 40 ਸਾਲ ਤੱਕ ਦੇ ਬੱਚੇ ਵੀ ਮੌਜੂਦ ਹਨ। ਜਸਵੀਰ ਕੌਰ ਇਨ੍ਹਾਂ ਬੱਚਿਆਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਉਂਦੀ ਹੈ ਤਾਂ ਜੋ ਬੱਚਿਆਂ ਨੂੰ ਕਦੇ ਵੀ ਇਹ ਨਾ ਲੱਗੇ ਕਿ ਉਹ ਅਨਾਥ ਨੇ ਜਾਂ ਆਪਣੇ ਅਸਲ ਮਾਂ ਬਾਪ ਕੋਲ ਨਹੀਂ ਹਨ।
ਜਸਬੀਰ ਕੌਰ ਨੇ ਦੱਸਿਆ ਕਿ ਉਸ ਨੇ ਇਸ ਦੀ ਸ਼ੁਰੂਆਤ 1996 ਵਿੱਚ ਕੀਤੀ ਸੀ ਅਤੇ ਉਨ੍ਹਾਂ ਨੇ ਖੁਦ ਇਸ ਬਾਲ ਘਰ ਦੀਆਂ ਤਿੰਨ ਬਾਲੜੀਆਂ ਨੂੰ ਗੋਦ ਲਿਆ। ਜਿਨ੍ਹਾਂ ਵਿਚੋਂ ਇਕ ਦਾ ਉਹ ਵਿਆਹ ਵੀ ਕਰ ਚੁਕੇ ਹਨ। ਉਨ੍ਹਾਂ ਨੇ ਦੱਸਿਆ ਕਿ 300 ਤੋ ਵੱਧ ਬੱਚਿਆਂ ਨੂੰ ਇਸ ਬਾਲ ਘਰ ਤੋਂ ਗੋਦ ਲਿਆ ਜਾ ਚੁੱਕਾ ਹੈ। ਜਿਨਾਂ ਵਿਚੋਂ ਕਈ ਵਿਦੇਸ਼ਾਂ ਵਿਚ ਵੀ ਚਲੇ ਗਏ ਹਨ।
ਉਨ੍ਹਾਂ ਮਾਂ ਦਿਵਸ ਤੇ ਇਹ ਸੁਨੇਹਾ ਦਿੱਤਾ ਕਿ ਕਦੀ ਕਿਸੇ ਦੇ ਬੱਚੇ ਨੂੰ ਉਸ ਦੀ ਮਾਂ ਤੋਂ ਵੱਖ ਨਹੀਂ ਕਰਨਾ ਚਾਹੀਦਾ। ਉਧਰ ਬਾਲ ਘਰ ਦੇ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਇਕ ਅਜਿਹੀ ਸਖਸ਼ੀਅਤ ਹੈ, ਜਿਸ ਦੀ ਮਮਤਾ ਕਿਸੇ ਇਕ ਲਈ ਨਹੀਂ ਸਗੋਂ ਸਾਰਿਆਂ ਲਈ ਹੈ। ਉਨ੍ਹਾਂ ਕਿਹਾ ਕਿ ਉਹ ਬੱਚਿਆਂ ਨੂੰ ਘਰ ਵਰਗਾ ਮਹੌਲ ਦਿੰਦੇ ਨੇ, ਇਸ ਵਕਤ ਵੀ ਉਨ੍ਹਾਂ ਕੋਲ 45 ਦੇ ਕਰੀਬ ਵੱਖ ਵੱਖ ਉਮਰ ਦੇ ਬੱਚੇ ਨੇ, ਸਭ ਤੋਂ ਛੋਟੀ ਬੱਚੀ 1.5 ਮਹੀਨੇ ਦੀ ਹੈ।