ਬਰਨਾਲਾ ਜ਼ਿਲ੍ਹੇ ਦੇ ਨੌਜਵਾਨ ਦਾ ਕੈਨੈਡਾ ਵਿੱਚ ਕਤਲ
ਕਮਲਜੀਤ ਸਿੰਘ ਸੰਧੂ
- ਘਟਨਾ ਕੈਨੇਡਾ ਦੇ ਐਡਮਿੰਟਨ ਸੂਬੇ ਵਿੱਚ ਵਾਪਰੀ
ਬਰਨਾਲਾ, 9 ਮਈ 2021 - ਪਿੰਡ ਭੱਠਲਾਂ ਦਾ 19 ਸਾਲਾ ਨੌਜਵਾਨ ਹਰਮਨਜੋਤ ਸਿੰਘ ਕਰੀਬ ਦੋ ਸਾਲ ਪਹਿਲਾਂ ਸਟਡੀ ਬੇਸ ’ਤੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਜਿੱਥੇ ਮਿਰਤਕ ਦੀ ਮਾਸੀ ਅਤੇ ਮਾਸੜ ਦਾ ਘਰੇਲੂ ਝਗੜਾ ਚੱਲ ਰਿਹਾ ਸੀ। ਮਾਸੀ ਦੀ ਮਦਦ ਕਰਨ ਗਏ ਹਰਮਨਜੋਤ ਨੂੰ ਮਾਸੜ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਮਾਸੀ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਮਿਰਤਕ ਨੌਜਵਾਨ ਦੇ ਘਰ ਅਤੇ ਪਿੰਡ ਭੱਠਲਾਂ ਵਿੱਚ ਸੋਗ ਦੀ ਲਹਿਰ ਹੈ।
ਹਰਮਨਜੋਤ ਦੀ ਮਾਂ ਅਤੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਹਰਮਨਜੋਤ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਟ ਸੀ। ਹਰਮਨ ਦੀ ਮਾਂ ਅਤੇ ਰਿਸ਼ਤੇਦਾਰਾਂ ਵਲੋਂ ਉਸਦੇ ਕਾਤਲ ਨੂੰ ਸਖ਼ਤ ਸਜ਼ਾ ਦੇਣ ਲਈ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ। ਹਰਮਨ ਦੀ ਮਿਰਤਕ ਦੇਹ ਨੂੰ ਪਿੰਡ ਲਿਆਉਣ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਮਿਰਤਕ ਦੀ ਮਾਤਾ ਦਵਿੰਦਰ ਕੌਰ ਨੇ ਦੱਸਿਆ ਕਿ ਹਰਮਨਜੋਤ ਸਿੰਘ ਇਕਲੌਤਾ ਪੁੱਤਰ ਸੀ। ਜੋ ਕਰੀਬ ਦੋ ਸਾਲ ਪਹਿਲਾਂ ਆਈਲੈਟਸ ਕਰਕੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਜਿੱਥੇ ਉਹ ਆਪਣੀ ਮਾਸੀ ਅਤੇ ਮਾਸੜ ਕੋਲ ਰਹਿ ਰਿਹਾ ਸੀ। ਪਰ ਉਸ ਦੀ ਮਾਸੀ ਅਤੇ ਮਾਸੜ ਦੇ ਘਰੇਲੂ ਝਗੜੇ ਨੇ ਉਸਦੇ ਪੁੱਤ ਦੀ ਜਾਨ ਲੈ ਲਈ। ਹਰਮਨ ਅਤੇ ਉਸਦੀ ਮਾਸੀ ਗੱਡੀ ਵਿੱਚ ਜਾ ਰਹੇ ਸਨ ਅਤੇ ਇਸੇ ਦੌਰਾਨ ਉਸਦੇ ਮਾਸੜ ਵਲੋਂ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਹਨਾਂ ਕੈਨੇਡਾ ਸਰਕਾਰ ਅਤੇ ਐਡਮਿੰਟਨ ਦੇ ਪੰਜਾਬੀ ਭਾਈਚਾਰੇ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਾਤਲ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸਤੋਂ ਇਲਾਵਾ ਉਹਨਾਂ ਆਪਣੇ ਪੁੱਤ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਵੀ ਸਰਕਾਰਾਂ ਨੂੰ ਅਪੀਲ ਕੀਤੀ।
ਉਥੇ ਇਸ ਮੌਕੇ ਮਿ੍ਰਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰਮਨਜੋਤ ਆਪਣੇ ਮਾਪਿਆਂ ਦੀ ਇਕਲੌਤਾ ਪੁੱਤਰ ਸੀ। ਉਸਦੇ ਮਾਤਾ ਪਿਤਾ ਨੇ ਬਹੁਤ ਮਿਹਨਤ ਕਰਕੇ ਪੜਾਇਆ ਅਤੇ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ। ਪਰ ਉਥੇ ਉਸਦਾ ਕਤਲ ਹੋ ਗਿਆ। ਇਸ ਘਟਨਾ ਬਾਰੇ ਕੈਨੇਡਾ ਪੁਲਿਸ ਵਲੋਂ ਫ਼ੋਨ ’ਤੇ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਪੁੱਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸਤੋਂ ਬਾਅਦ ਡਾਕਟਰਾਂ ਨਾਲ ਵੀ ਗੱਲ ਹੋਈ, ਜਿਹਨਾਂ ਨੇ ਦੱਸਿਆ ਕਿ ਹਰਮਨਜੋਤ ਦਾ ਪੋਸਟਮਾਰਟਮ ਮੰਗਲਵਾਰ ਨੂੰ ਹੋਵੇਗਾ।
ਹਰਮਨਜੋਤ ਦੇ ਕਾਤਲ ਬਾਰੇ ਉਸਦੇ ਦੋਸਤਾਂ ਨੇ ਦੱਸਿਆ ਕਿ ਉਸਦਾ ਕਤਲ ਉਸਦੇ ਮਾਸੜ ਵਲੋਂ ਹੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਹਰਮਨਜੋਤ ਲਗਾਤਾਰ ਦੋ ਸਾਲਾਂ ਤੋਂ ਪੜਾਈ ਕਰ ਰਿਹਾ ਸੀ। ਇਸ ਦੌਰਾਨ ਉਸਨੇ ਕੋਈ ਨੌਕਰੀ ਨਹੀਂ ਕੀਤੀ, ਪਰ ਹੁਣ ਉਸਨੇ ਆਪਣੀ ਪੜਾਈ ਪੂਰੀ ਕਰਕੇ ਨੌਕਰੀ ਸ਼ੁਰੂ ਕੀਤੀ ਸੀ ਅਤੇ ਪਿੰਜ ਦਿਨ ਪਹਿਲਾਂ ਹੀ ਨਵੀਂ ਗੱਡੀ ਵੀ ਆਪਣੀ ਕਮਾਈ ਨਾਲ ਖ਼ਰੀਦੀ ਸੀ। ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਪਰਿਵਾਰ ਦਾ ਹੋਰ ਕੋਈ ਨਹੀਂ ਹੈ। ਜਿਸ ਕਰਕੇ ਉਹ ਕੈਨੇਡਾ ਸਰਕਾਰ ਤੋਂ ਹਰਮਨਜੋਤ ਦੇ ਕਾਤਲ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਉਹਨਾਂ ਭਾਰਤ ਅਤੇ ਕੈਨੇਡਾ ਸਰਕਾਰ ਤੋਂ ਮਿਰਤਕ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਮੰਗ ਕੀਤੀ।