ਮਲੋਟ: ਕੋਰੋਨਾ ਮਰੀਜ਼ਾਂ ਨੂੰ ਨਹੀਂ ਮਿਲ ਰਹੇ ਫਤਿਹ ਕਿੱਟਾਂ ’ਚੋਂ ਪਲਸ ਆਕਸੀਮੀਟਰ, ਪੜ੍ਹੋ ਕੀ ਕਹਿਣੈ ਵਿਭਾਗ ਦੇ ਅਧਿਕਾਰੀਆਂ ਦਾ
ਰਾਜਵੰਤ ਸਿੰਘ
ਮਲੋਟ, 9 ਮਈ 2021-ਮਲੋਟ ਖੇਤਰ ਅੰਦਰ ਇਕਾਂਤਵਾਸ ਚੱਲ ਰਹੇ ਕੋਰੋਨਾ ਮਰੀਜ਼ ਇੰਨੀ੍ ਦਿਨੀਂ ਫਤਿਹ ਕਿੱਟ ਨਾਲ ਮਿਲਣ ਵਾਲੇ ਪਲਸ ਆਕਸੀਮੀਟਰ ਤੋਂ ਵਾਂਝੇ ਹੋਏ ਪਏ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਭੇਜੀ ਕਿੱਟ ਵਿੱਚ ਦਿੱਤੀ ਸਮਾਨ ਦੀ ਲਿਸਟ ’ਚ ਸਭ ਤੋਂ ਪਹਿਲਾਂ ਆਕਸੀਮੀਟਰ ਹੀ ਲਿਖਿਆ ਹੈ, ਪਰ ਵਿਭਾਗ ਵੱਲੋਂ ਕਥਿਤ ਤੌਰ ’ਤੇ ਇਹ ਆਕਸੀਮੀਟਰ ਆਪਣੇ ਚਹੇਤਿਆਂ ਨੂੰ ਵੰਡੇ ਜਾਂਦੇ ਹਨ, ਜਦੋਂਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮੀ ਕਰਕੇ ਇਹ ਪਿੱਛੋਂ ਹੀ ਨਹੀਂ ਆ ਰਹੇ।
ਪਿੰਡ ਦਿਉਣਖੇੜਾ ’ਚ ਇਕਾਂਤਵਾਸ ਚੱਲ ਰਹੇ ਪਮਨਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਭੇਜੀ ਕਿੱਟ ਵਿੱਚ ਜਾਰੀ ਸਮਾਨ ਦੀ ਲਿਸਟ ਅਨੁਸਾਰ 20 ਚੀਜ਼ਾਂ ਦਿੱਤੀਆ ਹਨ, ਜਿਸ ਅਨੁਸਾਰ ਸਭ ਤੋਂ ਪਹਿਲੇ ਨੰਬਰ ’ਤੇ ਹੀ ਆਕਸੀਮੀਟਰ ਹੁੰਦਾ ਹੈ, ਜਿਸ ਦੀ ਬਜਾਰੀ ਕੀਮਤ ਦੋ-ਢਾਈ ਹਜਾਰ ਹੁੰਦੀ ਹੈ, ਪਰ ਉਹ ਕਿੱਟ ਵਿੱਚ ਨਹੀਂ ਆ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਵਿਭਾਗ ਨਾਲ ਗੱਲ ਕੀਤੀ ਗਈ ਸੀ, ਪਰ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ।
ਇਸ ਸਬੰਧੀ ਲੰਬੀ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਕਿੱਟਾਂ ਦੀ ਸਪਲਾਈ ਕਰਨ ਵਾਲੇ ਕਰਮਚਾਰੀ ਜਸਕਰਨ ਸਿੰਘ ਦਾ ਕਹਿਣਾ ਹੈ ਆਕਸੀਮੀਟਰ ਪਿੱਛੋਂ ਨਹੀਂ ਆ ਰਹੇ। ਬੰਦ ਕਿੱਟ ਵਿੱਚੋਂ ਆਕਸੀਮੀਟਰ ਨਾ ਨਿਕਲਣ ’ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਂਝ ਵੀ ਆਕਸੀਮੀਟਰ ਮੁਹੱਈਆ ਹੋਣ ਦੀ ਸੂਰਤ ਵਿੱਚ ਉਹ ਕਿੱਟ ਤੋਂ ਵੱਖਰੇ ਤੌਰ ’ਤੇ ਦਿੰਦੇ ਹਨ। ਇਸ ਤੋਂ ਇਲਾਵਾ ਐਸ.ਐਮ. ਓ ਡਾ. ਜਗਦੀਪ ਚਾਵਲਾ ਨੇ ਕਿਹਾ ਕਿ ਹੁਣ ਆਈਆਂ ਕਿੱਟਾਂ ਵਿੱਚ ਆਕਸੀਮੀਟਰ ਨਹੀਂ ਆਏ।
ਉਧਰ ਦੂਜੇ ਪਾਸੇ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨਾਲ ਜਦੋਂ ਇਸ ਬਾਬਤ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਪਲਾਈ ਦੌਰਾਨ ਇੱਕ ਅੱਧੀ ਵਾਰ ਅਜਿਹਾ ਹੋਇਆ ਹੈ ਕਿ ਕਿੱਟਾਂ ਵਿੱਚੋਂ ਆਕਸੀਮੀਟਰ ਨਾ ਮਿਲੇ ਹੋਣ, ਪਰ ਜ਼ਿਆਦਾਤਰ ਕਿੱਟਾਂ ’ਚ ਆਕਸੀਮੀਟਰ ਨਾਲ ਹੀ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਅੱਜ 250 ਕਿੱਟਾਂ ਦੀ ਸਪਲਾਈ ਵਿਭਾਗ ਵੱਲੋਂ ਕੀਤੀ ਗਈ ਹੈ, ਜੋ ਮਰੀਜ਼ਾਂ ’ਚ ਵੰਡੀਆਂ ਜਾਣਗੀਆਂ।