ਕਿਵੇਂ ਜਿੱਤਾਂਗੇਂ ਕੋਰੋਨਾ ਤੋਂ ?,, ਮੁਕਤਸਰ ਜ਼ਿਲ੍ਹੇ ’ਚ 3 ਹਜ਼ਾਰ ਤੋਂ ਪਾਰ ਕੋਰੋਨਾ ਮਰੀਜ਼, ਪਰ ਸਰਕਾਰ ਨੇ ਭੇਜੀਆਂ ਮਹਿਜ਼ 250 ਫਤਿਹ ਕਿੱਟਾਂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 9 ਮਈ 2021-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਇਸ ਕਦਰ ਹਾਵੀ ਹੈ ਕਿ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ’ਚ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਕੱਲ੍ਹ ਦੇਰ ਸ਼ਾਮ ਤੱਕ ਸਥਾਨਕ ਸਿਹਤ ਵਿਭਾਗ ਕੋਲ ਮਹਿਜ਼ 10 ਫਤਹਿ ਕਿੱਟਾਂ ਦੇ ਚਰਚੇ ਸਨ, ਪਰ ਜੇਕਰ ਅੱਜ ਸਰਕਾਰ ਵੱਲੋਂ ਫਤਿਹ ਕਿੱਟਾਂ ਦੀ ਸਪਲਾਈ ਦੀ ਗੱਲ ਕੀਤੀ ਜਾਵੇ ਤਾਂ ਬੇਹੱਦ ਹੈਰਾਨੀ ਹੁੰਦੀ ਹੈ। ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਅੰਦਰ ਮਹਿਜ਼ 250 ਕਿੱਟਾਂ ਦੀ ਸਪਲਾਈ ਹੀ ਕੀਤੀ ਗਈ ਹੈ, ਜਦੋਂਕਿ ਦੇਖਿਆ ਜਾਵੇ ਤਾਂ ਜ਼ਿਲ੍ਹੇ ਅੰਦਰ ਮਰੀਜ਼ਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਇਹ ਪੁਸ਼ਟੀ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਦੇਰ ਰਾਤ ਤੱਕ ਫਤਿਹ ਕਿੱਟਾਂ ਦੀ ਕਮੀ ਸੀ, ਪਰ ਅੱਜ ਵਿਭਾਗ ਵੱਲੋਂ 250 ਫਤਿਹ ਕਿੱਟਾਂ ਦੀ ਸਪਲਾਈ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹ ਕਿੱਟਾਂ ਮਰੀਜ਼ਾਂ ਨੂੰ ਵੰਡੀਆਂ ਜਾਣਗੀਆਂ।
ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ ਫਤਿਹ ਕਿੱਟਾਂ ਦੀ ਗਿਣਤੀ ਨਾਮਾਤਰ ਹੈ। ਇਸਨੂੰ ਸਰਕਾਰ ਤੇ ਵਿਭਾਗ ਦੀ ਲਾਪਰਵਾਹੀ ਹੀ ਕਿਹਾ ਜਾ ਸਕਦਾ ਹੈ ਕਿ ਇਸ ਮਹਾਂਮਾਰੀ ਦੇ ਦੌਰ ’ਤੇ ਸੇਫ਼ਟੀ ਵਜੋਂ ਵਰਤੀਆਂ ਜਾਂਦੀਆਂ ਫਤਹਿ ਕਿੱਟਾਂ ਵੀ ਮਰੀਜ਼ਾਂ ਨੂੰ ਬਰਾਬਰ ਨਹੀਂ ਮਿਲ ਰਹੀਆਂ। ਦੱਸ ਦੇਈਏ ਕਿ ਜ਼ਿਲ੍ਹੇ ਅੰਦਰ ਇਸ ਸਮੇਂ ਕੋਰੋਨਾ ਦੇ ਐਕਟਿਵ ਕੇਸ 3 ਹਜ਼ਾਰ ਤੋਂ ਪਾਰ ਚੱਲ ਰਹੇ ਹਨ।