ਸਰਕਾਰ ਦੇ ਰਵੱਈਏ ’ਤੇ ਕੱਚੇ ਮੁਲਾਜ਼ਮਾਂ ਦੀ ਸਰਕਾਰ ਨੂੰ ਦੋ ਟੁੱਕ, ਪੜ੍ਹੋ ਕੀ ਕਿਹਾ ਮੁਲਾਜ਼ਮਾਂ ਨੇ
ਕੱਚੇ ਮੁਲਾਜ਼ਮ ਰੈਗੂਲਰ ਕਰੋ ਨਹੀਂ ਤਾਂ ਛੱਡਾਂਗੇ ਪੂਰੇ ਪੰਜਾਬ ਦਾ ਕੰਮ
ਚੰਡੀਗੜ੍ਹ, 10 ਮਈ 2021-ਕੁੱਝ ਦਿਨ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਕੱਚੇ ਮੁਲਾਜ਼ਮਾਂ ਨੂੰ ਨਾਸੁਣਨਯੋਗ ਸ਼ਬਦ ਨਾਲ ਸੰਬੋਧਨ ਕਰਨ ਅਤੇ ਬੀਤੇ ਕੱਲ੍ਹ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਐਨ.ਐਚ.ਐਮ ਮੁਲਾਜ਼ਮਾਂ ਨੂੰ ਨੋਕਰੀਓ ਕੱਢਣ ਦੀ ਕਥਿਤ ਧਮਕੀ ਦੀ ਕੱਚੇ ਮੁਲਾਜ਼ਮਾਂ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਸਖਤ ਸਟੈਂਡ ਲੈਣ ਦਾ ਐਲਾਨ ਕਰ ਦਿੱਤਾ ਹੈ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਅਸ਼ੀਸ਼ ਜੁਲਾਹਾ, ਅਮਿ੍ਰੰਤਪਾਲ ਸਿੰਘ ਤੇ ਪ੍ਰਵੀਨ ਸ਼ਰਮਾ ਨੇ ਸਰਕਾਰ ਨੂੰ ਦੋ ਟੁੱਕ ਜਵਾਬ ਦਿੱਤਾ ਹੈ ਕਿ ਤੁਰੰਤ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੋ ਨਹੀਂ ਤਾਂ ਨਤੀਜ਼ੇ ਭੁਗਤਨ ਲਈ ਤਿਆਰ ਰਹੇ ਸਰਕਾਰ। ਆਗੂਆਂ ਨੇ ਪ੍ਰੈਸ ਬਿਆਨ ਦਿੰਦੇ ਹੋਏ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਮੁਲਾਜ਼ਮਾਂ ਨਾਲ ਹੀ ਕੋਫੀ ਵਿਦ ਕੈਪਟਨ ਕਰਕੇ ਵਾਅਦੇ ਕੀਤੇ ਸੀ ਤੇ ਅੱਜ ਮੁੱਖ ਮੰਤਰੀ ਬਨਣ ਉਪਰੰਤ ਇਹ ਮੁਲਾਜ਼ਮ ਫ਼ਾਲਤੂ ਦਿਖਾਈ ਦੇਣ ਲੱਗੇ ਹਨ।
ਆਗੂਆਂ ਨੇ ਕਿਹਾ ਕਿ ਕਰੋਨਾ ਕਾਲ ਵਿੱਚ ਇਹ ਮੁਲਾਜ਼ਮ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਲੋਕ ਸੇਵਾ ਕਰ ਰਹੇ ਹਨ ਤੇ ਸਰਕਾਰ ਇੰਨ੍ਹਾਂ ਦਾ ਸੋਸ਼ਣ ਕਰ ਰਹੀ ਹੈ। ਆਗੂਆਂ ਨੇ ਸਿਹਤ ਮੰਤਰੀ ਦੇ ਬਿਆਨ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਿਹਤ ਮੰਤਰੀ ਵਾਰ-ਵਾਰ ਕਹਿ ਰਹੇ ਹਨ ਕਿ ਐਨ.ਐਚ ਐਮ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਹੈ ਤੇ ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬ ਤਨਖਾਹਾਂ ਵਿੱਚ ਨਿਗੁਣਾ ਵਾਧਾ ਕਰਨ ਨਾਲ ਵਾਅਦਾ ਪੂਰਾ ਨਹੀਂ ਹੁੰਦਾ ਤੇ ਨਾ ਹੀ ਮੁਲਾਜ਼ਮਾਂ ਦੀ ਸੁਰੱਖਿਆ ਹੋਈ ਹੈ।
ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਵਾਅਦਾ ਸੀ ਕਿ ਸੱਤਾ ਵਿੱਚ ਆਉਣ ’ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਪਰ ਚਾਰ ਸਾਲ ਬੀਤ ਗਏ ਹਨ। ਆਗੂਆ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਸਰਕਾਰ ਨੂੰ ਦੋ ਟੁੱਕ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਤੁਰੰਤ ਸਮੂਹ ਵਿਭਾਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਨਹੀ ਤਾਂ ਪੂਰੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਕੰਮ ਛੱਡ ਕੇ ਸੜਕਾਂ ’ਤੇ ਆਉਣ ਨੂੰ ਮਜ਼ਬੂਰ ਹੋ ਜਾਣਗੇ।