ਕੀਤੀ ਅਪੀਲ, ਸਾਰੇ ਧਰਮਾਂ ਦੇ ਲੋਕ ਪ੍ਰਮਾਤਮਾ ਅੱਗੇ ਕਰਨ ਅਰਦਾਸਾਂ
ਨਵੀਂ ਦਿੱਲੀ, 10 ਮਈ 2021-ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਨ ਕਿ ਵਾਹਿਗੁਰੂ ਸਾਨੂੰ ਬਖ਼ਸ਼ ਦੇਣ ਅਤੇ ਇਸ ਮਹਾਂਮਾਰੀ ਤੋਂ ਸਾਨੂੰ ਨਿਜਾਤ ਮਿਲੇ। ਉਨ੍ਹਾਂ ਕਿਹਾ ਕਿ ਅਰਦਾਸ ’ਚ ਬਹੁਤ ਤਾਕਤ ਹੈ ਅਤੇ ਸਿੱਖ ਤਾਂ ਜਿੰਨੀ ਵਾਰ ਵੀ ਅਰਦਾਸ ਕਰਦਾ ਹੈ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਉਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਸ ਵੀ ਧਰਮ ’ਚ ਵਿਸ਼ਵਾਸ਼ ਰੱਖਦੇ ਹਨ ਉਸ ਦੇ ਹਿਸਾਬ ਨਾਲ ਅਰਦਾਸ ਕਰਨ।
ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਤਖ਼ਤ ਸਾਹਿਬ ਕਮੇਟੀ ਵੱਲੋਂ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਮਨੁੱਖਤਾ ਲਈ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਕੱਲ੍ਹ ਤੋਂ ਆਕਸੀਜਨ ਦੇ ਲੰਗਰ ਕੰਗਨਘਾਟ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਬਿਨ੍ਹਾਂ ਕਿਸੇ ਵਿਤਕਰੇ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਹ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਵੀ ਮਰੀਜ਼ ਕੋਲ ਡਾਕਟਰੀ ਸਲਾਹ ਦੀ ਪਰਚੀ ਹੈ, ਉਸ ਨੂੰ ਆਕਸੀਜ਼ਨ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੰਗਰ ਦੀ ਵਿਵਸਥਾ ਕੀਤੀ ਗਈ ਹੈ, ਜਿੰਨ੍ਹਾਂ ਲੋਕਾਂ ਦੇ ਪਰਿਵਾਰ ’ਚ ਸਾਰੇ ਲੋਕ ਮਹਾਂਮਾਰੀ ਦਾ ਸ਼ਿਕਾਰ ਹਨ ਉਨ੍ਹਾਂ ਲਈ ਲੰਗਰ ਤਖ਼ਤ ਸਾਹਿਬ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਹੈ, ਰਾਸ਼ਨ ਸਮੱਗਰੀ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿ ਕਿਸੇ ਨੂੰ ਇਸ ਦੌਰ ’ਚ ਕੋਈ ਮੁਸ਼ਕਿਲ ਨਾ ਆਵ।
ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਤਖ਼ਤ ਕਮੇਟੀ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲਣ, ਸਕੱਤਰ ਮਹਿੰਦਰ ਸਿੰਘ ਛਾਬੜਾ, ਮੈਂਬਰ ਜਗਜੋਤ ਸਿੰਘ ਸੋਹੀ, ਰਾਜਾ ਸਿੰਘ, ਹਰਬੰਸ ਸਿੰਘ, ਸੁਪਰਡੈਂਟ ਦਲਜੀਤ ਸਿੰਘ ਸਮੇਤ ਪੂਰੀ ਟੀਮ ਨੇ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਲੋੜ ਅਨੁਸਾਰ ਮਰੀਜ਼ਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਆਕਸੀਜ਼ਨ ਪਲਾਂਟ ਲਗਾਉਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਵੱਲੋਂ ਵੀ ਤਖ਼ਤ ਸਾਹਿਬ ਤੋਂ ਰੋਜ਼ਾਨਾ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾ ਰਹੀ ਹੈ।