ਪ੍ਰਸ਼ਾਸਨ ਕਰੇ ਧਿਆਨ, ਪਿੰਡ ਵਾਸੀ ਸੁਸਰੀ ਤੋਂ ਪ੍ਰੇਸ਼ਾਨ
ਪੈਰੀ ਪਰਗਟ, ਪਾਠਕ ਪੱਤਰਕਾਰ
ਸ੍ਰੀ ਮੁਕਤਸਰ ਸਾਹਿਬ, 10 ਮਈ 2021-ਜ਼ਿਲ੍ਹੇ ਅੰਦਰ ਪੈਂਦੇ ਪਿੰਡ ਰਹੂੜਿਆਂ ਵਾਲੀ ਵਿਖੇ ਮੁਕਤਸਰ-ਅਬੋਹਰ ਰੋਡ ਤੇ ਸਥਿਤ ਸੋਮਾ ਗੋਦਾਮ 'ਚ ਕਣਕ ਅਤੇ ਚਾਵਲ ਸਟੋਰ ਕੀਤੇ ਜਾਂਦੇ ਹਨ। ਜਿਸ ਕਾਰਨ ਇਸ ਸਟੋਰ ਚੋਂ ਬਹੁਤ ਵੱਡੀ ਮਾਤਰਾ 'ਚ ਸੁਸਰੀ ਪੈਦਾ ਹੁੰਦੀ ਹੈ ਜੋ ਕਿ ਲੋਕਾਂ ਦੇ ਘਰਾਂ 'ਚ ਫੈਲਦੀ ਹੈ। ਜਿਸ ਤੋਂ ਪਿੰਡ ਵਾਸੀ ਹਰ ਸਾਲ ਪ੍ਰੇਸ਼ਾਨ ਹੁੰਦੇ ਹਨ ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸਦਾ ਪੱਕਾ ਹੱਲ ਨਹੀਂ ਕਰਵਾਇਆ ਜਾਂਦਾ।
ਇਸ ਦੌਰਾਨ ਲੋਕ ਭਲਾਈ ਸੇਵਾ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਜੱਸਲ ਸਿੰਘ ਰਹੂੜਿਆ ਵਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੋਮਾ ਕੰਪਨੀ ਦੇ ਸਟੋਰ ਪਿਛਲੇ 9 ਸਾਲਾਂ ਦੇ ਕਰੀਬ ਇੱਥੇ ਬਣੇ ਹੋਏ ਹਨ । ਉਸ ਸਮੇਂ ਤੋਂ ਹੀ ਸੁਸਰੀ ਸਟੋਰਾਂ ਵਿੱਚੋਂ ਨਿਕਲ ਕੇ ਪੂਰੇ ਪਿੰਡ ਦੇ ਘਰਾਂ ਵਿੱਚ ਫੈਲ ਰਹੀ ਹੈ । ਘਰਾਂ ਵਿੱਚ ਅਜਿਹੀ ਕੋਈ ਜਗਾਹ ਨਹੀਂ ਰਹਿੰਦੀ ਜਿੱਥੇ ਸੁਸਰੀ ਦਾ ਵਾਸਾ ਨਾ ਹੋਵੇ । ਹਰ ਖਾਣ ਪੀਣ ਵਾਲੀ ਚੀਜ਼ ’ਚ ਸੁਸਰੀ ਸ਼ਾਮਿਲ ਹੋ ਜਾਂਦੀ ਹੈ । ਇੱਥੋਂ ਤੱਕ ਕਿ ਰਾਤ ਨੂੰ ਸੌਣ ਵਿੱਚ ਵੀ ਬਹੁਤ ਤਕਲੀਫ਼ ਆਉਂਦੀ ਹੈ । ਸੁਸਰੀ ਬੈੱਡ, ਮੰਜਿਆਂ ਤੇ ਚੜ੍ਹ ਜਾਂਦੀ ਹੈ ਜਿਸ ਕਾਰਨ ਬੱਚਿਆਂ ਦੇ ਅੱਖਾਂ ਅਤੇ ਕੰਨਾਂ ਵਿੱਚ ਪੈ ਜਾਂਦੀ ਹੈ । ਜਦੋਂ ਬੱਚਿਆਂ ਦੇ ਇਲਾਜ ਲਈ ਡਾਕਟਰਾਂ ਕੋਲ ਜਾਂਦੇ ਹਨ ਤਾਂ ਬਿੱਲ ਬਹੁਤ ਬਣਾ ਲਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਗਰਮੀ ਦੇ ਦਿਨਾਂ 'ਚ ਗਰੀਬ ਘਰਾਂ ਚੋਂ ਬਿਜਲੀ ਚਲੀ ਜਾਂਦੀ ਹੈ ਤਾਂ ਵੈਸੇ ਹੀ ਗਰਮੀ ਬਹੁਤ ਹੁੰਦੀ ਹੈ ਤੇ ਦੂਜੇ ਪਾਸੇਓਂ ਸੁਸਰੀ ਤਾਂ ਜਨਤਾ ਦਾ ਜੀਣਾ ਹੀ ਦੁੱਭਰ ਕਰ ਦਿੰਦੀ ਹੈ। ਜੱਸਲ ਨੇ ਆਖਿਆ ਕਿ ਪਿੰਡ ਵਾਸੀ ਨਰਕ ਭਰੀ ਜਿੰਦਗੀ ਜੀਣ ਲਈ ਮਜ਼ਬੂਰ ਹੋ ਰਹੇ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਮੰਗ ਕਰਦਿਆਂ ਆਖਿਆਂ ਕਿ ਜਲਦੀ ਤੋਂ ਜਲਦੀ ਸੁਸਰੀ ਬੰਦ ਕਰਵਾਈ ਜਾਵੇ ਤਾਂ ਜੋ ਪਿੰਡ ਵਾਸੀ ਸੁਖਾਲਾ ਜੀਵਨ ਬਤੀਤ ਕਰ ਸਕਣ । ਇਸ ਮੌਕੇ ਜੱਸਲ ਸਿੰਘ ਦੇ ਨਾਲ ਸਾਬਕਾ ਸਰਪੰਚ ਮੰਗਲ ਸਿੰਘ, ਹੈਪੀ ਧਾਲੀਵਾਲ ਅਤੇ ਸੁਖਪਾਲ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ।