ਮੁਕਤਸਰ ਦੀ ਸਬਜ਼ੀ ਮੰਡੀ ’ਚ ਜੰਮਕੇ ਉੱਡੀਆਂ ਕੋਵਿਡ ਨਿਯਮਾਂ ਦੀਆਂ ਧੱਜੀਆਂ, ਮਾਸਕਾਂ ਦੇ ਨਾਂਅ ’ਤੇ ਹੱਸਦੇ ਰਹੇ ਲੋਕ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਮਈ 2021-ਕੋਵਿਡ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਵੀਕੇਂਡ ਲਾਕਡਾਊਨ ਲਾਗੂ ਕੀਤਾ ਗਿਆ ਹੈ ਤੇ ਬਾਕੀ ਪੰਜ ਦਿਨ ਬਜ਼ਾਰ ਖੋਲ੍ਹਣ ਲਈ ਸੀਮਤ ਸਮਾਂ ਤੈਅ ਕੀਤਾ ਗਿਆ ਹੈ, ਪਰ ਅੱਜ ਸਵੇਰੇ ਸਥਾਨਕ ਸਬਜ਼ੀ ਮੰਡੀ ’ਚ ਕੋਵਿਡ ਹਦਾਇਤਾਂ ਦੀ ਐਸੀ ਉਲੰਘਣਾ ਸਾਹਮਣੇ ਆਈ ਕਿ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ। ਪ੍ਰਸਾਸ਼ਨ ਵੱਲੋਂ ਭਾਵੇਂ ਲੋਕਾਂ ਨੂੰ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਕਿਤੇ-ਕਿਤੇ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਵੀ ਵਰਤੀ ਜਾ ਰਹੀ ਹੈ, ਪਰ ਸਥਾਨਕ ਸਬਜ਼ੀ ਮੰਡੀ ਅੰਦਰ ਅੱਜ ਦੇ ਹਾਲਾਤ ਪ੍ਰਸਾਸ਼ਨ ਦੇ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਰਹੇ। ਅੱਜ ਸਵੇਰੇ ਜਦੋਂ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਸੈਂਕੜਿਆਂ ਦੀ ਤਾਦਾਦ ’ਚ ਲੋਕ ਸਬਜ਼ੀ ਮੰਡੀ ’ਚ ਘੁੰਮ ਰਹੇ ਸਨ। ਸਬਜ਼ੀ ਮੰਡੀ ਅੰਦਰ ਨਾ ਤਾਂ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਰਹੀ ਸੀ ਤੇ ਨਾ ਹੀ ਜ਼ਿਆਦਾਤਰ ਲੋਕਾਂ ਨੇ ਮਾਸਕ ਪਹਿਨੇ ਹੋਏ ਸਨ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਆਏ ਦਿਨ ਸੈਂਕੜਿਆਂ ਦੀ ਗਿਣਤੀ ’ਚ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ, ਜਦੋਂਕਿ ਮੌਤਾਂ ਦੀ ਦਰ ਵੀ ਤੇਜ਼ੀ ਨਾਲ ਵੱਧ ਰਹੀ ਹੈ, ਪਰ ਜਿਸ ਤਰ੍ਹਾਂ ਅੱਜ ਸਥਾਨਕ ਸਬਜ਼ੀ ਮੰਡੀ ’ਚ ਹਾਲਾਤ ਨਜ਼ਰ ਆਏ, ਭਵਿੱਖ ਵਿੱਚ ਇਸਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।
ਜ਼ਿਆਦਾਤਰ ਲੋਕਾਂ ਨੇ ਮਾਸਕਾਂ ਦੇ ਨਾਂਅ ’ਤੇ ਵੱਟੀ ਚੁੱਪ
ਸਬਜ਼ੀ ਮੰਡੀ ਅੰਦਰ ਮੌਕੇ ’ਤੇ ਜਾ ਕੇ ਵੇਖਿਆ ਗਿਆ ਕਿ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਸਨ ਪਹਿਨੇ, ਜਦੋਂਕਿ ਸਮਾਜਿਕ ਦੂਰੀ ਦਾ ਬਿਲਕੁਲ ਹੀ ਖਿਆਲ ਨਹੀਂ ਸੀ ਰੱਖਿਆ ਜਾ ਰਿਹਾ। ਇਸ ਸਬੰਧੀ ਜਦੋਂ ਮੰਡੀ ਅੰਦਰ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਪੁੱਛਿਆ ਗਿਆ ਤਾਂ ਲੋਕ ਮਾਸਕ ਦੇ ਨਾਂਅ ਤੋਂ ਹੱਸਦੇ ਨਜ਼ਰ ਆਏ, ਜਦੋਂਕਿ ਕਈ ਲੋਕਾਂ ਦੇ ਮੂੰਹ ’ਤੇ ਚੁੱਪ ਪੱਸਰੀ ਰਹੀ। ਕਈ ਲੋਕਾਂ ਦਾ ਕਹਿਣਾ ਸੀ ਕਿ ਉਹ ਤਾਂ ਆਪਣੇ ਵੱਲੋਂ ਤਿਆਰੀ ਨਾਲ ਆਏ ਹਨ, ਪਰ ਜੇਕਰ ਪਹਿਲਾਂ ਹੀ ਮੰਡੀ ਅੰਦਰ ਭੀੜ ਹੈ ਤਾਂ ਉਹ ਕੀ ਕਰ ਸਕਦੇ ਹਨ। ਭੀੜ ਨੂੰ ਲੈ ਕੇ ਕਈ ਲੋਕ ਸਥਾਨਕ ਪ੍ਰਸਾਸ਼ਨ ਦੀ ਅਜਿਹੀ ਸਖਤੀ ਨੂੰ ਕੋਸਦੇ ਵੀ ਨਜ਼ਰ ਆਏ।