ਅਸ਼ੋਕ ਵਰਮਾ
ਮਾਨਸਾ, 10 ਮਈ 2021: ਮਾਨਸਾ ਜਿਲ੍ਹੇ ’ਚ ਫਤਿਹ ਕਿੱਟਾਂ ਦੀ ਘਾਟ ਨੂੰ ਦੇਖਦਿਆਂ ਸਮਾਜਸੇਵੀ ਜੱਥੇਬੰਦੀਆਂ ਪੀੜਤਾਂ ਅਤੇ ਲੋੜਵੰਦਾਂ ਦੀ ਬਾਂਹ ਫੜ੍ਹਨ ਲਈ ਅੱਗੇ ਆਈਆਂ ਹਨ। ਕੁੱਝ ਦਿਨ ਪਹਿਲਾਂ ਮਾਨਸਾ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਮਾਨਸਾ ਪ੍ਰਸ਼ਾਸਨ ਨੇ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਖੋਲਿ੍ਹਆ ਸੀ ਜਿਸ ’ਚ ਵੱਡੀ ਗਿਣਤੀ ਲੋਕਾਂ ਨੇ ਫਤਿਹ ਕਿੱਟਾਂ ਨਾ ਮਿਲਣ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਮਾਨਸਾ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਵੱਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇਹਨਾਂ ਕਿੱਟਾਂ ਦਾ ਪ੍ਰਬੰਧ ਕਰਵਾਉਣ ਲਈ ਕਿਹਾ ਗਿਆ ਤਾਂ ਹਸਪਤਾਲ ਪ੍ਰਸ਼ਾਸਨ ਨੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਫਤਿਹ ਕਿੱਟਾਂ ਮੰਗਵਾ ਕੇ ਕਰੋਨਾ ਪਾਜੇਟਿਵ ਮਰੀਜ਼ਾਂ ਨੂੰ ਦੇਣ ਦਾ ਭਰੋਸਾ ਦਿੱਤਾ ਸੀ। ਜਦੋਂ ਕਿੱਟਾਂ ਨਾਂ ਆਈਆਂ ਤਾਂ ਸਮਾਜਸੇਵੀਆਂ ਦੀ ਕੋਵਿਡ ਸਹਾਇਤਾ ਕੇਂਦਰ ਦੀ ਟੀਮ ਨੇ ਪੰਜਾਬ ਸਰਕਾਰ ਵੱਲੋਂ ਭੇਜੇ ਜਾਣ ਤੱਕ ਕਰੋਨਾਂ ਪਾਜੇਟਿਵ ਮਰੀਜ਼ਾਂ ਲਈ ਜਰੂਰੀ ਦਵਾਈ ਆਪਣੇ ਪੱਧਰ ’ਤੇ ਅਤੀ ਗਰੀਬ ਵਿਅਕਤੀਆਂ ਨੂੰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ।
ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਭੇਜੀਆਂ 100 ਦੇ ਕਰੀਬ ਮੈਡੀਸਨ ਦੀਆਂ ਕਿੱਟਾਂ ਲੋੜਵੰਦ ਵਿਅਕਤੀਆਂ ਨੂੰ ਵੰਡੀਆਂ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿਚੋਂ 50 ਕਿੱਟਾਂ ਸ੍ਰੀ ਬਾਲਾ ਜੀ ਪਰਿਵਾਰ ਸੰਘ ਮਾਨਸਾ ਨੇ ਦਿੱਤੀਆਂ ਸਨ ਜਦੋਂਕਿ 20 ਕਿਟਾਂ ਰਾਜੇਸ਼ਵਰ ਕੁਮਾਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵੱਲੋਂ 20 ਅਤੇ ਲਵਲੀ ਪਹਿਨਾਵਾ ਗਾਰਮੈਂਟਸ ਦੇ ਮਨੋਜ ਕੁਮਾਰ ਨੇ 30 ਕਿੱਟਾਂ ਦਾ ਸਹਿਯੋਗ ਦਿੱਤਾ ਸੀ। ਆਮ ਲੋਕਾਂ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਦੱਸੀਆਂ ਸਾਵਧਾਨੀਆਂ ਰੱਖਣ ਦੀ ਅਪੀਲ ਕਰਦਿਆਂ ਐਡਵੋਕੇਟ ਮਾਹਲ ਨੇ ਆਖਿਆ ਕਿ ਕਰੋਨਾ ਦੇ ਖਤਰੇ ਨੂੰ ਦੇਖਦਿਆਂ ਭਵਿੱਖ ’ਚ ਵੀ ਮਰੀਜਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਏਗੀ। ਕਰੋਨਾ ਪਾਜੇਟਿਵ ਮਰੀਜ਼ਾਂ ਨੂੰ ਦੇਣ ਦੀ ਸ਼ੁਰੂਆਤ ਸਿਵਲ ਸਰਜਨ ਮਾਨਸਾ ਡਾਕਟਰ ਸੁਖਵਿੰਦਰ ਸਿੰਘ, ਡਿਪਟੀ ਸੀਐਮਓ, ਡਾ. ਰਣਜੀਤ ਰਾਏ, ਐਸਐਮਓ ਡਾ. ਰੂਬੀ, ਗੁਰਲਾਭ ਸਿੰਘ ਮਾਹਲ ਅਤੇ ਮਨੀਸ਼ ਬੱਬੀ ਦਾਨੇਵਾਲੀਆ ਨੇ ਕਰਵਾਈ ।
ਇਸ ਮੌਕੇ ਅਧਿਕਾਰੀਆਂ ਤੇ ਸਮਾਜਸੇਵੀਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਸਿਵਲ ਹਸਪਤਾਲ ਵਿੱਚ ਕਰੋਨਾ ਟੈਸਟ ਕਰਵਾਉਣ ਅਤੇ ਰਿਪੋਰਟਾਂ ਲੈਣ ਸਬੰਧੀ ਆ ਰਹੀ ਸਮੱਸਿਆ ਅਤੇ ਇੰਨ੍ਹਾਂ ਥਾਵਾਂ ’ਤੇ ਲੱਗਦੀਆਂ ਲੰਬੀਆਂ ਲਾਈਨਾਂ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੈ। ਇਸ ਮੌਕੇ ਇਹ ਵੀ ਸਾਹਮਣੇ ਆਇਆ ਕਿ ਹੁਣ ਪ੍ਰਮੁੱਖ ਸਮੱਸਿਆ ਫਤਿਹ ਕਿੱਟਾਂ ਦਾ ਨਾ ਆਉਣਾ ਅਤੇ ਸਿਵਲ ਹਸਪਤਾਲ ਵਿੱਚ ਬਣੇ ਕੋਵਿਡ ਸੈਂਟਰ ਵਿੱਚ 80 ਬੈਡ ਭਰ ਜਾਣ ਉਪਰੰਤ ਨਵੇਂ ਆਉਣ ਵਾਲੇ ਮਰੀਜ਼ਾਂ ਲਈ ਜਗ੍ਹਾ ਨਾ ਹੋਣ ਕਰਕੇ ਕਠਿਨਾਈਆਂ ਆਉਂਦੀਆਂ ਹਨ। ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ, ਐਫ ਸੀ ਆਈ ਦੇ ਪਵਨ ਕੁਮਾਰ, ਸਤੀਸ਼ ਮਹਿਤਾ, ਗੁਰਪ੍ਰੀਤ ਸਿੰਘ ਭੁੱਚਰ, ਕਮਲਪ੍ਰੀਤ ਸਿੰਘ ਡੀਐਮ, ਬਲਜਿੰਦਰ ਸਿੰਘ ਏਡੀਐਮ, ਗੁਰਪ੍ਰੀਤ ਸਿੰਘ, ਐਡਵੋਕੇਟ ਕਮਲ ਗੋਇਲ ਤੇ ਰਣਦੀਪ ਸ਼ਰਮਾ, ਰਮੇਸ਼ ਕੁਮਾਰ ਲੈਬਾਰਟਰੀ ਵਾਲੇ, ਡਾ. ਕ੍ਰਿਸ਼ਨ ਸੇਠੀ, ਬੌਬੀ, ਸ਼ਿੰਗਾਰਾ ਖਾਨ, ਮਿੰਟੂ ਮਾਨਸਾ, ਹਨੀ ਵਰਮਾ ਅਤੇ ਟੀਟੂ ਚਰਾਇਆ ਆਦਿ ਹਾਜ਼ਰ ਸਨ।