ਅਸ਼ੋਕ ਵਰਮਾ
ਬਠਿੰਡਾ, 10 ਮਈ 2021: ਟੀਚਰਜ ਹੋਮ ਬਠਿੰਡਾ ਵਿਖੇ ਪੰਜਾਬੀ ਸਾਹਿਤ ਸਭਾ ( ਰਜਿ) ਬਠਿੰਡਾ ਵੱਲੋਂ ਬਲਵਿੰਦਰ ਸਿੰਘ ਭੁੱਲਰ ਦਾ ਪਾਕਿਸਤਾਨੀ ਸਫਰਨਾਮਾ " ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ " ਰਿਲੀਜ਼ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਕਾਮਰੇਡ ਹਰਦੇਵ ਅਰਸ਼ੀ ਅਤੇ ਪ੍ਰਧਾਨਗੀ ਬਲਤੇਜ ਸਿੰਘ ਵਾਂਦਰ ਨੇ ਕੀਤੀ। ਇਹਨਾਂ ਤੋਂ ਇਲਾਵਾ ਸਾਹਿਤ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਅਤੇ ਸ਼੍ਰੋਮਣੀ ਕਹਾਣੀਕਾਰ ਅਤਰਜੀਤ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਸਨ।ਸਮਾਗਮ ਦੀ ਸ਼ੁਰੂਆਤ ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਲੇਖਕਾਂ ਨੇ ਕਿਤਾਬ ਦੀ ਘੁੰਢ ਚੁਕਾਈ ਕਰਕੇ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਕਿਤਾਬ ਦਾ ਸਰਵਰਕ ਹੀ ਆਪਣੇ ਆਪ ਵਿੱਚ ਕਮਾਲ ਦਾ ਚਿੱਤਰਨ ਪੇਸ ਕਰਦਾ ਹੋਇਆ ਕਿਤਾਬ ਵਿਚਲੀ ਸਾਮੱਗਰੀ ਦੀ ਥਾਹ ਪਾਉਂਦਾ ਪ੍ਰਤੀਤ ਹੁੰਦਾ ਹੈ।
ਕਿਤਾਬ ਵਾਰੇ ਬੋਲਦਿਆਂ ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਲੇਖਕ ਨੇ ਬਿਰਤਾਂਤਕ ਪੱਖੋਂ ਅਤੇ ਵਿਸ਼ਾ ਪੱਖ ਤੋਂ ਬਹੁਤ ਹੀ ਸ਼ਾਨਦਾਰ ਅਤੇ ਦਲੇਰਾਨਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਫਰਨਾਮਾ ਭਵਿੱਖ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਕਿਸੇ ਨਾ ਕਿਸੇ ਦਿਨ ਜਰੂਰ ਹੀ ਇਹ ਕੰਡਿਆਲੀ ਤਾਰਾਂ ਦੀਆਂ ਸਰਹੱਦਾਂ ਜਰੂਰ ਮਿਟ ਜਾਣਗੀਆਂ ਅਤੇ ਲੋਕ ਪੁਰਾਣੀਆਂ ਭਾਈਚਾਰਕ ਸਾਂਝਾ ਦੇ ਸੂਤਰ ਵਿੱਚ ਪਿਰੋਏ ਜਾਣਗੇ। ਨਾਵਲੀ ਬਿਰਤਾਂਤ ਸਿਰਜਦੇ ਇਸ ਸਫਰਨਾਮੇ ਨੂੰ ਲੇਖਕ ਨੇ ਇਤਿਹਾਸਕ ਦਸਤਾਵੇਜ਼ ਵਜੋਂ ਪੇਸ਼ ਕਰਨ ਦੀ ਕਮਾਲ ਕੀਤੀ ਹੈ। ਆਪਣੇ ਵਿਚਾਰ ਪੇਸ਼ ਕਰਦਿਆਂ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਕਿਤਾਬ ਵਿਚਲੀ ਸਾਮੱਗਰੀ ਐਨੀ ਦਿਲਚਸਪ ਹੈ ਕਿ ਪਾਠਕ ਕਿਤਾਬ ਪੜ੍ਹਦਿਆਂ ਹੋਇਆ ਖੁਦ ਨੂੰ ਪਾਤਰ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਲੇਖਕ ਨੇ ਪਾਕਿਸਤਾਨ ਦੇ ਧਾਰਮਿਕ ਅਸਥਾਨਾਂ, ਬਜ਼ਾਰਾਂ ਦਾ ਇਸ ਤਰਾਂ ਚਿਤਰਨ ਕੀਤਾ ਹੈ ਕਿ ਪਾਠਕ ਕਿਤਾਬ ਦੇ ਨਾਲ਼ ਨਾਲ਼ ਤੁਰਦਾ ਪ੍ਰਤੀਤ ਹੁੰਦਾ ਹੈ।
ਕਿਤਾਬ ਦੀ ਆਲੋਚਨਾ ਕਰਦੇ ਹੋਏ ਅਰਸ਼ੀ ਨੇ ਕਿਹਾ ਕਿ ਇਤਿਹਾਸਕ ਜੁਗਤਾਂ ਨੂੰ ਹੋਰ ਅਧਿਐਨ ਕਰਕੇ ਹੋਰ ਮੁੱਲਵਾਨ ਬਣਾਇਆ ਜਾ ਸਕਦਾ ਸੀ। ਜੇ ਸੀ ਪਰਿੰਦਾ ਨੇ ਕਿਹਾ ਕਿ ਲੇਖਕ ਦਾ ਸਫਰਨਾਮਾ ਹਰ ਪੱਖ ਤੋਂ ਵਧੀਆ ਅਤੇ ਖੋਜਾਤਮਕ ਭਰਪੂਰ ਹੈ ਪ੍ਰੰਤੂ ਕਿਤੇ ਕਿਤੇ ਪਰੂਫ ਰੀਡਿੰਗ ਦੀ ਘਾਟ ਰੜਕਦੀ ਹੈ। ਟੀਚਰਜ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਸਫਰਨਾਮੇ ਤੇ ਬੋਲਦਿਆਂ ਕਿਹਾ ਕਿ ਲੇਖਕ ਦਾ ਇਹ ਸਫਰਨਾਮਾ ਸਾਹਿਤਕ ਖੇਤਰ ਵਿੱਚ ਮੌਜੂਦ ਸਫਰਨਾਮਿਆਂ ਦੇ ਮੇਲ ਦਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਲੇਖਕ ਦੇ ਸੰਗ ਯਾਤਰੀ ਹੋਣ ਕਰਕੇ ਮੈਂ ਇਹ ਕਹਿ ਸਕਦਾ ਹਾਂ ਕਿ ਕਿਤਾਬ ਵਿੱਚਲੀਆਂ ਘਟਨਾਵਾਂ ਯਦਾਰਥਕ ਦੇ ਨੇੜੇ ਤੇੜੇ ਹਨ। ਉਨ੍ਹਾਂ ਕਿਹਾ ਕਿ ਸਮਾਂ ਸੀਮਤ ਹੋਣ ਕਰਕੇ ਕਈ ਅਜਿਹੀਆਂ ਯਾਦਗਾਰਾਂ ਦੇਖਣ ਤੋਂ ਰਹਿ ਗਈਆਂ।
ਉਹਨਾਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਤੁਹਾਨੂੰ ਵੀ ਪੱਛਮੀ ਪਾਕਿਸਤਾਨ ਦੀ ਯਾਤਰਾ ਕਰਨੀ ਚਾਹੀਦੀ ਹੈ। ਕਿਤਾਬ ਦੇ ਲੇਖਕ ਬਲਵਿੰਦਰ ਭੁੱਲਰ ਨੇ ਕਿਹਾ ਕਿ ਪਾਕਿਸਤਾਨ ਦੇ ਮੁਕੱਦਸ ਸਥਾਨ ਬਚਪਨ ਤੋਂ ਹੀ ਉਸ ਦੇ ਵੱਡ ਵਡੇਰਿਆਂ ਵੱਲੋਂ ਸੁਣਾਈਆਂ ਬਾਤਾਂ ਕਰਕੇ ਜਿਹਨ ਵਿੱਚ ਸੀ। ਉਹਨਾਂ ਯਾਦਾਂ ਕਰਕੇ ਹੀ ਪੰਦਰਾਂ ਕੁ ਦਿਨਾਂ ਦੀ ਯਾਤਰਾ ਇੱਕ ਸਫਰਨਾਮਾ ਦਾ ਕਿਤਾਬੀ ਰੂਪ ਬਣ ਸਕੀ। ਸਭਾ ਦੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਇਸ ਸਮਾਗਮ ਵਿੱਚ ਪਹੁੰਚੇ ਸਾਰੇ ਹੀ ਲੇਖਕਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਦਿਲਬਾਗ ਸਿੰਘ, ਰਣਜੀਤ ਗੌਰਵ, ਹਰਮਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਬਾਂਡੀ, ਪਰਵੀਨ ਆਰੀਆ, ਰਾਜੇਸ ਕੁਮਾਰ ਗੋਲਡੀ,ਗੁਰਕੀਰਤ ਸਿੰਘ ਅਤੇ ਗੁਰਮਿਲਾਪ ਸਿੰਘ ਹਾਜ਼ਰ ਸਨ।