ਅਸ਼ੋਕ ਵਰਮਾ
ਬਠਿੰਡਾ, 10 ਮਈ 2021:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਠਿੰਡਾ ਦੇ ਕੈਂਸਰ ਹਸਪਤਾਲ ਨੂੰ ਪਹਿਲਾਂ ਦੀ ਤਰ੍ਹਾਂ ਹੀ ਕੈਂਸਰ ਪੀੜਤਾਂ ਦਾ ਇਲਾਜ ਕਰਨ ਅਤੇ ਕੋਵਿਡ ਕੇਅਰ ਸੈਂਟਰ ਕਿਸੇ ਹੋਰ ਥਾਂ ਬਨਾਉਣ ਦੀ ਮੰਗ ਕੀਤੀ ਹੈ। ਆਪ ਆਗੂਆਂ ਦੇ ਇੱਕ ਵਫਦ ਨੇੇ ਡਿਪਟੀ ਕਮਿਸ਼ਨਰ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਹੈ। ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਮੇਤ ਪੂਰਾ ਭਾਰਤ ਕੋਰੋਨਾ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ। ਪੰਜਾਬ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਪਰ ਸੂਬੇ ਦੀ ਕਾਂਗਰਸ ਸਰਕਾਰ ਕੋਵਿਡ ਪੀੜਤਾਂ ਦੇ ਇਲਾਜ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਹਨ।
ਉਨ੍ਹਾਂ ਕਿਹਾ ਕਿ ਹੁਣ ਸੂਬੇ ’ਚ ਵਿਸੇਸ ਬਿਮਾਰੀਆਂ ਦੇ ਇਲਾਜ ਲਈ ਕਾਇਮ ਕੀਤੇ ਗਏ ਹਸਪਤਾਲਾਂ ਨੂੰ ਕਰੋਨਾ ਵਾਰਡ ਵਿਚ ਤਬਦੀਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਉਦਾਹਰਨ ਬਠਿੰਡਾ ਤੋਂ ਮਿਲਦੀ ਹੈ, ਜਿੱਥੇ ਸਰਕਾਰ ਦੇ ਆਦੇਸ਼ਾਂ ’ਤੇ ਕੈਂਸਰ ਹਸਪਤਾਲ ਬਠਿੰਡਾ ਨੂੰ ਕੋਵਿਡ ਵਾਰਡ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਹੀ ਨਹੀਂ ਹੈ, ਕਿਉਂ ਜੋ ਕੈਂਸਰ ਹਸਪਤਾਲ ਵਿੱਚ ਪਹਿਲਾਂ ਤੋਂ ਹੀ ਮਰੀਜ਼ਾਂ ਦੀ ਵੱਡੀ ਤਾਦਾਤ ਆਪਣਾ ਇਲਾਜ ਕਰਵਾ ਰਹੀ ਹੈ। ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦਾ ਮਾਲਵਾ ਖੇਤਰ ਕੈਂਸਰ ਦੇ ਹੱਬ ਵਜੋਂ ਮਸ਼ਹੂਰ ਹੈ ਅਤੇ ਵੱਖ ਵੱਖ ਜ਼ਿਲਿ੍ਹਆਂ ਦੇ ਲੋਕ ਬਠਿੰਡਾ ਦੇ ਕੈਂਸਰ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਸ ਕੈਂਸਰ ਹਸਪਤਾਲ ਨੂੰ ਕੋਵਿਡ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਤਾਂ ਹਜਾਰਾਂ ਦੀ ਗਿਣਤੀ ਵਿੱਚ ਕੈਂਸਰ ਦੇ ਮਰੀਜ਼ਾ ਲਈ ਬਹੁਤ ਵੱਡੀ ਮੁਸ਼ਕਲ ਖੜ੍ਹੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਦਾ ਕੈਂਸਰ ਹਸਪਤਾਲ ਪੰਜਾਬ ਦੇ ਬਹੁਤ ਸਾਰੇ ਜਿਲਿ੍ਹਆਂ ਦੇ ਕੈਂਸਰ ਮਰੀਜ਼ਾਂ ਲਈ ਇਕ ਆਸ ਦੀ ਕਿਰਨ ਹੈ ਪ੍ਰੰਤੂ ਇਸ ਦੀ ਅਣਹੋਂਦ ਵਿੱਚ ਉਨ੍ਹਾਂ ਕੋਲ ਕੋਈ ਵੀ ਹੋਰ ਰਸਤਾ ਨਹੀਂ ਬਚੇਗਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਬਠਿੰਡਾਂ ਦੇ ਕੈਂਸਰ ਹਸਪਤਾਲ ਦੀ ਥਾਂ ਤੇ ਹੋਰ ਸਰਕਾਰੀ ਬਿਲਡਿੰਗਾਂ ਜਿਵੇਂ ਸਕੂਲ ਕਾਲਜ ਜਾਂ ਕਮਿਊਨਿਟੀ ਸੈਂਟਰ ਵਿਚ ਕਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਜਾਵੇ, ਜੋ ਇਸ ਸਮੇਂ ਵਰਤੋਂ ਵਿੱਚ ਨਹੀਂ ਆ ਰਹੇ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਕੋਵਿਡ ਮਰੀਜਾਂ ਦੀ ਸਹਾਇਤਾ ਵੀ ਕੀਤੀ ਜਾ ਸਕਦੀ ਹੈ ਅਤੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਵੀ ਪਹਿਲਾਂ ਦੀ ਤਰ੍ਹਾਂ ਬਾਦਸਤੂਰ ਜਾਰੀ ਰਹਿ ਸਕਦਾ ਹੈ। ਇਸ ਸਮੇਂ ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਨੀਲ ਗਰਗ, ਲੀਗਲ ਸੈਲ ਦੇ ਮੀਤ ਪ੍ਰਧਾਨ ਐਡਵੋਕੇਟ ਨਵਦੀਪ ਜੀਦਾ, ਜਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ, ਬੁੱਧੀਜੀਵੀ ਵਿੰਗ ਦੇ ਪ੍ਰਧਾਨ ਮਹਿੰਦਰ ਸਿੰਘ ਫੁੱਲੋ ਮਿੱਠੀ, ਸੀਨੀਅਰ ਆਗੂ ਅਮਿ੍ਰਤ ਲਾਲ ਅਗਰਵਾਲ ਅਤੇ ਜਿਲ੍ਹਾ ਮੀਡੀਆ ਇੰਚਾਰਜ ਸੁਖਵੀਰ ਸਿੰਘ ਬਰਾੜ ਹਾਜਰ ਸਨ ।