← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ 10 ਮਈ 2021: ਸੀ ਪੀ ਐਫ ਕਰਮਚਾਰੀ ਯੂਨੀਅਨ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਮਾਨ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਲਗਾਤਾਰ ਧਰਨੇ ਤੇ ਬੈਠੇ ਐਨ ਐਚ ਐਮ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਬਹੁਤ ਹੀ ਨਿਗੂਣਾ ਜਿਹਾ ਵਾਧਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਇਹਨਾਂ ਨੂੰ ਕਰੋਨਾ ਯੋਧਿਆਂ ਦਾ ਦਰਜਾ ਦੇ ਰਹੀ ਹੈ ਤੇ ਦੂਸਰੇ ਪਾਸੇ ਸਰਕਾਰ ਇਹਨਾਂ ਦੀਆਂ ਹੱਕੀ ਮੰਗਾਂ ਬਰਾਬਰ ਕੰਮ ਬਰਾਬਰ ਤਨਖਾਹ ਦਾ ਰੂਲ ਲਾਗੂ ਕਰਨ ਤੋਂ ਭੱਜਦੀ ਨਜ਼ਰ ਆ ਰਹੀ ਹੈ । ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਪਰ ਕੰਟਰੈਕਟ ਬੇਸ ਤੇ ਸਿਹਤ ਵਿਭਾਗ ਅਧੀਨ ਰੀੜ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੀਆਂ ਚੋਣਾਂ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਵਾਅਦਾ ਕੀਤਾ ਸੀ ਜਿਸ ਤੋਂ ਸਰਕਾਰ ਹੁਣ ਭੱਜਦੀ ਨਜ਼ਰ ਆ ਰਹੀ ਹੈ। ਉਹਨਾਂ ਇਸ ਮੌਕੇ ਕਿਹਾ ਕਿ ਕਰੋਨਾ ਕਾਲ ਵਿੱਚ ਸਰਕਾਰੀ ਮੁਲਾਜ਼ਮ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਬਿਨਾਂ ਅੱਕੇ ਥੱਕੇ ਕੰਮ ਕਰ ਰਹੇ ਨੇ ਅਤੇ ਇਸ ਮਹਾਂਮਾਰੀ ਦੌਰਾਨ ਆਪਣੇ ਲੋਕਾਂ ਦੀ ਅਣਥੱਕ ਸੇਵਾ ਕਰ ਰਹੇ ਹਨ ਪਰ ਜਦੋਂ ਗੱਲ ਮੁਲਾਜ਼ਮਾਂ ਦੇ ਹੱਕਾਂ ਦੀ ਆਉਂਦੀ ਹੈ ਤਾਂ ਸਰਕਾਰ ਢੀਠ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ 187000 ਕਰਮਚਾਰੀ ਪੈਨਸ਼ਨ ਵਿਹੂਣੇ ਹਨ ਪਰ ਸਰਕਾਰ ਦੇ ਕੰਨ ਉੱਪਰ ਜੂੰ ਨਹੀਂ ਸਰਕ ਰਹੀ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਿਛਲੀਆਂ ਚੋਣਾਂ ਵਿੱਚ ਮੁਲਾਜ਼ਮਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਇਸ ਦੇ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ ।
Total Responses : 189