ਤਲਵੰਡੀ ਸਾਬੋ ’ਚ ਦੋ ਦਿਨਾਂ ’ਚ 26 ਅਤੇ ਆਲਗਮੀਰ ਸੈਂਟਰ ਵਿਚ 80 ਮਰੀਜ਼ ਇਲਾਜ ਲਈ ਪੁੱਜੇ
ਅਸ਼ੋਕ ਵਰਮਾ
ਬਠਿੰਡਾ, 10 ਮਈ 2021 : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਲਵੰਡੀ ਸਾਬੋ ਅਤੇ ਲੁਧਿਆਣਾ ਦੇ ਆਲਮਗੀਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਬਣਾਏ ਕੋਰੋਨਾ ਕੇਅਰ ਸੈਂਟਰ ਲੋਕਾਂ ਲਈ ਵਰਦਾਨ ਸਾਬਤ ਹੋਣ ਲੱਗ ਪਏ ਹਨ। ਤਲਵੰਡੀ ਸਾਬੋ ਵਿਖੇ 50 ਅਤੇ ਆਲਮਗੀਰ ਵਿਖੇ 25 ਬੈਡਾਂ ਦਾ ਕੋਰੋਨਾ ਕੇਅਰ ਸੈਂਟਰ ਸ਼ੁਰੂ ਕੀਤਾ ਗਿਆ ਹੈ।
ਜਿਥੇ ਤਲਵੰਡੀ ਸਾਬੋ ਸੈਂਟਰ ਜਿਸਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੋ ਦਿਨ ਪਹਿਲਾਂ ਉਦਘਾਟਨ ਕੀਤਾ ਸੀ, ਵਿਖੇ ਦੋ ਦਿਨਾਂ ਵਿਚ 26 ਮਰੀਜ਼ ਇਲਾਜ ਲਈ ਪਹੁੰਚੇ ਹਨ ਤੇ ਇਸੇ ਤਰੀਕੇ ਲੁਧਿਆਣਾ ਵਿਚ ਆਲਮਗੀਰ ਜਿਥੇ 4 ਦਿਨ ਪਹਿਲਾਂ ਕੋਰੋਨਾ ਕੇਅਰ ਸੈਂਟਰ ਸ਼ੁਰੂ ਹੋਇਆ ਹੈ ਵਿਚ ਹੁਣ ਤੱਕ 80 ਮਰੀਜ਼ ਇਲਾਜ ਲਈ ਪਹੁੰਚ ਚੁੱਕੇ ਹਨ।
ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡਲ ਸਿੰਘ ਦੀਵਾਨ ਹਾਲ ਵਿਚ 50 ਮਰੀਜ਼ਾਂ ਲਈ ਕੋਰੋਨਾ ਕੇਅਰ ਸੈਂਟਰ ਬਣਾਇਆ ਗਿਆ ਹੈ। ਦੋ ਦਿਨਾਂ ਵਿਚ ਇਥੇ 26 ਮਰੀਜ਼ ਇਲਾਜ ਲਈ ਆਏ ਹਨ ਜਿਹਨਾਂ ਵਿਚੋਂ 10 ਇਸ ਵੇਲੇ ਦਾਖਲ ਹਨ, 8 ਮਰੀਜ਼ ਹਾਲਤ ਗੰਭੀਰ ਹੋਣ ’ਤੇ ਹਸਪਤਾਲ ਭੇਜੇ ਗਏ ਹਨ ਜਦਕਿ 8 ਮਰੀਜ਼ ਡਿਸਚਾਰਜ ਹੋ ਗਏ ਹਨ।
ਇਸੇ ਤਰੀਕੇ ਸ਼੍ਰੋਮਣੀ ਕਮੇਟੀ ਵੱਲੋਂ ਲੁਧਿਆਣਾ ਦੇ ਆਲਮਗੀਰ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਚਾਰ ਦਿਨ ਪਹਿਲਾਂ ਕੋਰੋਨਾ ਕੇਅਰ ਸੈਂਟਰ ਸ਼ੁਰੂ ਕੀਤਾ ਸੀ ਜਿਥੇ ਹੁਣ ਤੱਕ 80 ਮਰੀਜ਼ ਪਹੁੰਚ ਚੁੱਕੇ ਹਨ। ਇਹਨਾਂ ਵਿਚੋਂ 9 ਇਸ ਵੇਲੇ ਦਾਖਲ ਹਨ, 14 ਹਾਲਤ ਗੰਭੀਰ ਹੋਣ ਕਾਰਨ ਹਸਪਤਾਲਾਂ ਵਿਚ ਰੈਫਰ ਕੀਤੇ ਗਏ ਹਨ ਜਦਕਿ ਬਾਕੀ ਸਾਰੇ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ।
ਦੋਹਾਂ ਸੈਂਟਰਾਂ ਵਿਚ 9-9 ਡਾਕਟਰ ਅਤੇ 20-20 ਨਰਸਾਂ 24 ਘੰਟੇ ਸੇਵਾਵਾਂ ਦੇ ਰਹੇ ਹਨ।
ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਮਰੀਜ਼ਾਂ ਨੁੰ ਡਾਕਟਰਾਂ ਨੇ ਰਾਇ ਦੇ ਕੇ ਭੇਜਿਆ ਹੈ ਕਿ ਕਿਸ ਤਰੀਕੇ ਦਾ ਪਰਹੇਜ਼ ਰੱਖਿਆ ਜਾਵੇ ਤੇ ਆਪਣੇ ਸਰੀਰ ਦੀ ਸੰਭਾਲ ਕਿਵੇਂ ਕੀਤੀ ਜਾਵੇ।
ਸ਼੍ਰੋਮਣੀ ਕਮੇਟ ਵੱਲੋਂ 12 ਮਈ ਨੁੰ ਭੁਲੱਥ ਵਿਖੇ ਅਜਿਹੇ ਹੀ ਕੋਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਥੇ ਕੋਰੋਨਾ ਮਰੀਜ਼ਾਂ ਦੀ ਸੰਭਾਲ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਹਾਂਮਾਰੀ ਦੇ ਵੇਲੇ ਕੋਰੋਨਾ ਪੀੜਤ ਲੋਕਾਂ ਦਾ ਹੱਥ ਫੜਨ ਤੇ ਉਹਨਾਂ ਦਾ ਇਲਾਜ ਕਰਨ ਦੀ ਇਸ ਮੁਹਿੰਮ ਨੁੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਡਾ. ਏ ਪੀ ਸਿੰਘ ਡੀਨ ਸ਼੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਦੱਸਿਆ ਕਿ ਦੋਵੇਂ ਥਾਵਾਂ ’ਤੇ ਸਾਰੀਆਂ ਟੀਮ ਕੰਮ ਕਰ ਰਹੀਆਂ ਹਨ ਤੇ ਮਰੀਜ਼ਾਂ ਦੀ ਚੰਗੀ ਸੰਭਾਲ ਕਰ ਰਹੀਆਂ ਹਨ।
ਬੀਬੀ ਜਗੀਰ ਕੌਰ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਜਿਹੜੇ ਵੀ ਸੈਂਟਰ ਸ਼੍ਰੋਮਣੀ ਕਮੇਟੀ ਨੇ ਸਥਾਪਿਤ ਕੀਤੇ ਹਨ ਜਾਂ ਕੀਤੇ ਜਾ ਰਹੇ ਹਨ, ਉਥੇ ਜ਼ਰੂਰਤ ਅਨੁਸਾਰ ਬੈਡਾਂ, ਮਸ਼ੀਨਾਂ ਤੇ ਸਟਾਫ ਵਿਚ ਵਾਧਾ ਕੀਤਾ ਜਾਵੇਗਾ।
ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ’ਤੇ ਯੂਥ ਅਕਾਲੀ ਦਲ ਵੱਲੋੋਂ ਪਹਿਲਾਂ ਹੀ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ ਵਿੱਢੀ ਗਈ ਹੈ। ਯੂਥ ਅਕਾਲੀ ਦਲ ਵੱਲੋਂ 200 ਤੋਂ ਵਧੇਰੇ ਵਾਲੰਟੀਅਰ ਲੋੜ ਅਨੁਸਾਰ ਵੱਖ ਵੱਖ ਹਸਪਤਾਲਾਂ ਵਿਚ ਜਾ ਕੇ ਲੋਕਾਂ ਲਈ ਪਲਾਜ਼ਮਾਂ ਦਾਨ ਕਰ ਰਹੇ ਹਨ ਅਤੇ ਲੋਕਾਂ ਦੀਆਂ ਜਾਨਾਂ ਬਚਾਅ ਰਹੇ ਹਨ।