ਮਨਜਿੰਦਰ ਸਿਰਸਾ ਵੱਲੋਂ ਅਮਿਤਾਬ ਬੱਚਨ ਤੋ 2 ਕਰੋੜ ਲੈਣਾ ਗੁਰਮਤਿ ਸਿਧਾਂਤਾਂ ਦੇ ਉਲਟ- ਪ੍ਰੋ: ਬਲਜਿੰਦਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 11 ਮਈ,2021
" ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵੇਲੇ ਖ਼ੂਨ ਦਾ ਬਦਲਾ ਖ਼ੂਨ ਨਾਅਰਾ ਬੁਲੰਦ ਕਰਕੇ ਪੂਰੇ ਭਾਰਤ ਵਿਚ ਸਿੱਖਾਂ ਵਿਰੁੱਧ ਅੱਤਿਆਚਾਰ ਕਰਵਾਉਣ ਵਾਲਾ ਅਮਿਤਾਭ ਬੱਚਨ ਇਤਿਹਾਸ ਦੇ ਪੰਨਿਆਂ ਵਿੱਚ ਅਪਣਾ ਨਾਮ ਕਾਤਲਾਂ ਦੀ ਸ਼੍ਰੇਣੀ ਵਿਚ ਦਰਜ ਕਰਵਾ ਚੁੱਕਿਆ ਹੈ"। ਇਹ ਵਿਚਾਰ ਸਰਬਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਲਿਖਤੀ ਬਿਆਨ ਰਾਹੀਂ ਦਿੱਤੇ ਗਏ। ਕਮੇਟੀ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਅਮਿਤਾਭ ਬੱਚਨ ਦਾ ਕਿਰਦਾਰ ਅਤੇ ਵਿਵਹਾਰ ਸਿੱਖਾਂ ਦੇ ਹਿੱਤਾਂ ਦੇ ਵਿਰੁੱਧ ਰਿਹਾ ਹੈ। ਦਰਬਾਰ ਸਾਹਿਬ ਉਤੇ ਫੌਜੀ ਹਮਲੇ ਸਮੇਂ ਅਤੇ ਸਿੱਖ ਨਸਲਕੁਸ਼ੀ ਦੌਰਾਨ ਅਮਿਤਾਬ ਬੱਚਨ ਕਾਂਗਰਸ ਪਾਰਟੀ ਦੇ ਬਹੁਤ ਨਜ਼ਦੀਕ ਸੀ ਪਰ ਅੱਜ ਕੱਲ ਕੇਂਦਰ ਦੀ ਭਾਜਪਾ ਨਾਲ ਇਸ ਦੇ ਹੱਥ ਰਲੇ ਹੋਏ ਹਨ। ਸਿੱਖ ਆਪਣੇ ਗੁਰੂਧਾਮਾਂ ਦੀ ਸੇਵਾ ਸੰਭਾਲ ਕਰਨ ਲਈ ਸਮਰੱਥ ਹਨ। ਸਿੱਖਾਂ ਨੇ ਕਦੀ ਵੀ ਆਪਣੇ ਵਿਰੋਧੀਆਂ ਕੋਲੋਂ ਕੋਈ ਵੀ ਸਹਾਇਤਾ ਕਬੂਲ ਨਹੀਂ ਕੀਤੀ। ਗੁਰਧਾਮਾਂ ਦੀ ਸੇਵਾ ਅਤੇ ਲੋਕ ਭਲਾਈ ਕਾਰਜਾਂ ਲਈ ਸਾਰੇ ਧਰਮਾਂ ਦੇ ਲੋਕਾਂ ਕੋਲੋਂ ਸੇਵਾ ਲੈਣੀ ਕੋਈ ਮਾੜੀ ਗੱਲ ਨਹੀਂ ਪਰ ਜਿਨ੍ਹਾਂ ਲੋਕਾਂ ਦੇ ਹੱਥ ਖੂਨ ਨਾਲ ਰੰਗੇ ਹੋਣ ਉਨ੍ਹਾਂ ਕੋਲੋਂ ਦਾਨ ਲੈਣਾ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ। ਕਮੇਟੀ ਆਗੂਆਂ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਸੁਆਲ ਕੀਤਾ ਕਿ ਜੇਕਰ ਸੋਨੀਆ ਗਾਂਧੀ ਵੱਡੀ ਰਾਸ਼ੀ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਦੇਵੇਗੀ ਤਾਂ ਕੀ ਉਸ ਨੂੰ ਪ੍ਰਵਾਨ ਕੀਤਾ ਜਾਵੇਗਾ? ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਲਈ ਅਮਿਤਾਭ ਬੱਚਨ ਤੋਂ ਵਿੱਤੀ ਸਹਾਇਤਾ ਪ੍ਰਵਾਨ ਕਰਕੇ ਸਿਰਸਾ ਨੇ ਸਿੱਖ ਕੌਮ ਨਾਲ ਬਹੁਤ ਵੱਡਾ ਵਿਸ਼ਵਾਸ਼ਘਾਤ ਕੀਤਾ ਹੈ। ਕਮੇਟੀ ਆਗੂਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਕੇਂਦਰ ਸਰਕਾਰ ਸੋਚੀ ਸਮਝੀ ਸਾਜ਼ਿਸ਼ ਅਧੀਨ ਮਨਜਿੰਦਰ ਸਿਰਸਾ ਦੀ ਸ਼ਖਸੀਅਤ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦੇ ਚਲਦਿਆਂ ਦਿੱਲੀ ਦੀ ਸੰਗਤ ਅਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਬਿਆਨ ਜਾਰੀ ਕਰਨ ਵਾਲਿਆਂ ਵਿੱਚ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਬਲਬੀਰ ਸਿੰਘ ਹਿਸਾਰ, ਸੁਖਰਾਜ ਸਿੰਘ ਵੇਰਕਾ, ਬਲਜੀਤ ਸਿੰਘ ਭਾਊ, ਗੁਰਮੀਤ ਸਿੰਘ ਬੱਬਰ, ਜਸਪਾਲ ਸਿੰਘ ਪੁਤਲੀਘਰ, ਬਲਦੇਵ ਸਿੰਘ, ਰਘਬੀਰ ਸਿੰਘ ਭੁੱਚਰ ਆਦਿ ਸ਼ਾਮਲ ਹਨ।