ਚੱਲ ਵਸੇ ਸਾਥੀ ਪੱਤਰਕਾਰ ਰਤਨ ਲਾਲ ਦੀ ਪੁਰਾਣੀ ਤਸਵੀਰ
ਜਗਦੀਸ਼ ਥਿੰਦ
ਫਿਰੋਜ਼ਪੁਰ 11 ਮਈ , ਕੋਰੋਨਾ ਵਾਇਰਸ ਦੀ ਚੱਲ ਰਹੀ ਮਹਾਮਾਰੀ ਦੌਰਾਨ ਆਪਣੀ ਪੱਤਰਕਾਰਤਾ ਦੇ ਫਰਜ਼ ਨਿਭਾਉਂਦੇ ਹੋਏ ਇੱਕ ਹੋਰ ਸੀਨੀਅਰ ਪੱਤਰਕਾਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਿਆ ।
ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਸਾਬਕਾ ਕੈਸ਼ੀਅਰ ਪੱਤਰਕਾਰ ਰਤਨ ਲਾਲ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇਲਾਜ ਲਈ ਪਹਿਲੇ ਫਿਰੋਜ਼ਪੁਰ ਅਤੇ ਫਿਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਸੀ ।
ਇੱਥੇ ਉਨ੍ਹਾਂ ਦੀ ਜਾਨ ਬਚਾਈ ਨਹੀਂ ਜਾ ਸਕੀ ।
ਮ੍ਰਿਤਕ ਪੱਤਰਕਾਰ ਰਤਨ ਲਾਲ ਦੋ ਬੱਚਿਆਂ ਦਾ ਬਾਪ ਸੀ ਜੋ ਕਿ ਅਜੇ ਨਾਬਾਲਗ ਅਵਸਥਾ ਵਿੱਚ ਹਨ ।
ਇਸ ਦੌਰਾਨ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮਿ੍ਰਤਕ ਪਰਿਵਾਰ ਦੇ ਵਾਰਸਾਂ ਲਈ ਪੰਜਾਹ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ ;
ਜ ਮੁੱਖ ਮੰਤਰੀ ਪੰਜਾਬ ਵੱਲੋਂ ਫੀਲਡ ਵਿੱਚ ਕੰਮ ਕਰ ਰਹੇ ਹਨ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਫਰੰਟ ਲਾਈਨ ਵਾਰੀਅਰ ਐਲਾਨ ਕੀਤਾ ਹੈ , ਉਸ ਅਧੀਨ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੀ ਲਾਗ ਨਾਲ ਜਾਨ ਗੁਆ ਚੁੱਕੇ ਡਾਕਟਰ , ਨਰਸਾਂ ਅਤੇ ਆਸ਼ਾ ਵਰਕਰਾਂ ਦੇ ਪਰਿਵਾਰਾਂ ਨੂੰ ਪੰਜਾਹ ਲੱਖ ਰੁਪਏ ਤੱਕ ਦੀ ਬੀਮਾ ਰਾਸ਼ੀ ਦਿੱਤੀ ਜਾ ਰਹੀ ਹੈ ਉਸ ਤਰ੍ਹਾਂ ਹੀ ਇਸ ਪੱਤਰਕਾਰ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਦੀ ਆਰਥਕ ਸਹਾਇਤਾ ਦਿੱਤੀ ਜਾਵੇ ।
ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਮਲਕੀਤ ਸਿੰਘ ਟੋਨੀ ਛਾਬੜਾ , ਗੁਰੂ ਹਰਸਹਾਏ ਦੇ ਪ੍ਰਧਾਨ ਦੀਪਕ ਵਧਾਵਨ , ਚੇਅਰਮੈਨ ਜਗਦੀਸ਼ ਥਿੰਦ ਅਤੇ ਸਾਥੀਆਂ ਨੇ ਜਿੱਥੇ ਚੱਲ ਵੱਸੇ ਪੱਤਰਕਾਰ ਸਾਥੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਿਰੜੀ ਪੱਤਰਕਾਰ ਦੇ ਪਰਿਵਾਰ ਲਈ ਤੁਰੰਤ ਪੰਜਾਹ ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ ।